ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 3 ਸਤੰਬਰ
ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਮੰਗ ਕੀਤੀ ਹੈ ਕਿ ਸਰਕਾਰ ਪੰਜਾਬ ਤੋਂ ਬਾਹਰੋਂ ਵਿਕਣ ਲਈ ਆ ਰਹੇ ਝੋਨੇ ਅਤੇ ਕਣਕ ਨੂੰ ਆਉਣ ਤੋਂ ਰੋਕਣ ਦੇ ਬਹਾਨੇ ਕਿਸਾਨਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਦੀਆਂ ਫਰਦਾਂ ਮੰਗਣੀਆਂ ਬੰਦ ਕਰੇ। ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਆੜ੍ਹਤੀ ਕਹਿ ਰਹੇ ਹਨ ਕਿ ਜਿਹੜਾ ਕਿਸਾਨ ਫਰਦ ਜਮ੍ਹਾਂ ਨਹੀਂ ਕਰਵਾਏਗਾ ਉਸ ਦਾ ਝੋਨਾ ਨਹੀਂ ਵਿਕੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਇਕ ਏਕੜ ਪਿੱਛੇ 30 ਕੁਇੰਟਲ ਝੋਨਾ ਹੀ ਖਰੀਦਣਾ ਹੈ। ਇਸ ਨਾਲ ਕਿਸਾਨਾਂ ’ਚ ਹਫੜਾ ਦਫੜੀ ਫੈਲੀ ਹੋਈ ਹੈ। ਸਰਕਾਰ ਇਸ ਕਦਮ ਤੋਂ ਪਿੱਛੇ ਨਾ ਹਟੀ ਕਿਸਾਨ ਕਿਰਤੀ ਕਿਸਾਨ ਯੂਨੀਅਨ ਹੋਰਨਾਂ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਵਿੱਢੇਗੀ ਅਤੇ ਇਹ ਫ਼ੈਸਲਾ ਕਿਸੇ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।