ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਪੇਂਡੂ ਮਜ਼ਦੂਰ ਯੂਨੀਅਨ ਨੇ ਅੱਜ ਪਿੰਡ ਰਸੂਲਪੁਰ, ਮੱਲ੍ਹਾ, ਮਾਣੂੰਕੇ ਅਤੇ ਅਗਵਾੜ ਡਾਲਾ ਵਿੱਚ ਰੋਸ ਮੁਜ਼ਾਹਰੇ ਕਰਦੇ ਹੋਏ ਧਨਾਢ ਚੌਧਰੀਆਂ, ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦੇ ਬਣੇ ਗੱਠਜੋੜ ਦੇ ਪੁਤਲੇ ਸਾੜੇ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਵੱਡੀ ਬਹੁਗਿਣਤੀ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਪੇਂਡੂ ਸੰਗਠਨਾਂ ਤੇ ਸੰਵਿਧਾਨਕ ਅਧਿਕਾਰਾਂ ਤੋਂ ਵਾਂਝੇ ਕਰਨ ਲਈ ਕੀਤੇ ਜਾ ਰਹੇ ਹਮਲੇ ਸਹਿਣਯੋਗ ਨਹੀਂ ਹਨ। ਅਜਿਹੇ ਹੱਲਿਆਂ ਨੂੰ ਰੋਕਣ ਲਈ ਅਨੁਸੂਚਿਤ ਭਾਈਚਾਰੇ ਨੂੰ ਇਕੱਠੇ ਇਕ ਮੰਚ ’ਤੇ ਆਉਣ ਦੀ ਲੋੜ ਹੈ ਤਾਂ ਜੋ ਕਿਸੇ ਵੀ ਦਲਿਤ ਵਿਰੋਧੀ ਕਦਮ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ ਨੇ ਇਸ ਮੌਕੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਾਦੀਪੁਰ ਵਿੱਚ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਕਾਨੂੰਨੀ ਅਧਿਕਾਰ ਦੇ ਬਾਵਜੂਦ ਸਹਿਕਾਰੀ ਸਭਾਵਾਂ ਦੇ ਮੈਂਬਰ ਨਹੀਂ ਬਣਾਇਆ ਜਾ ਰਿਹਾ। ਇਸ ਦੇ ਵਿਰੋਧ ਤੇ ਰੋਸ ਵਿੱਚ ਅਨੁਸੂਚਿਤ ਭਾਈਚਾਰੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਹ ਜਿੱਥੇ ਪੰਚਾਇਤੀ ਜ਼ਮੀਨਾਂ ਵਿੱਚੋਂ ਆਪਣੀ ਹਿੱਸੇਦਾਰੀ ਮੰਗ ਰਹੇ ਹਨ ਉਥੇ ਸਹਿਕਾਰੀ ਭਲਾਈ ਸਕੀਮਾਂ ਵਿੱਚੋਂ ਲਾਭ ਲੈਣ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਇਹ ਬੇਜ਼ਮੀਨੇ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕ ਜਮਹੂਰੀ ਢੰਗ ਨਾਲ ਆਪਣੇ ਅਧਿਕਾਰਾਂ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਉੱਪਰ ਗੁੰਡਿਆਂ ਤੋਂ ਹਮਲੇ ਕਰਵਾ ਕੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਇਸ ਕੰਮ ’ਚ ਪੁਲੀਸ ਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਸਿਆਸਤਦਾਨ ਵੀ ਮਿਲੇ ਹੋਏ ਹਨ। ਇਸ ਮੌਕੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਵੀ ਰੋਸ ਪ੍ਰਗਟਾਇਆ ਗਿਆ ਅਤੇ ਦੋਸ਼ ਲਾਇਆ ਕਿ ਸੂਬਾ ਸਰਕਾਰ ਅਨੁਸੂਚਿਤ ਜਾਤੀ ਨਾਲ ਕੀਤੇ ਵਾਅਦੇ ਪੂਰੇ ਕਰਨ ’ਚ ਨਾਕਾਮ ਰਹੀ ਹੈ।