ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ):
ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਕੰਟਰੈਕਟ ਬੇਸ ’ਤੇ ਰੱਖੇ ਗਏ ਟੀਬੀ ਵਿਭਾਗ ਦੇ ਮੁਲਾਜ਼ਮਾਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ। ਮੁਲਾਜ਼ਮਾਂ ਨੇ ਸਿਵਲ ਹਸਪਤਾਲ ਦੇ ਦਵਾਈਆਂ ਦੀ ਦੁਕਾਨ ਦੇ ਬਾਹਰ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਐੱਨਐੱਚਐੱਮ ਦੇ ਤਹਿਤ ਆਉਣ ਵਾਲੇ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਣਮਿੱਥੇ ਸਮੇਂ ਲਈ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਉਨ੍ਹਾਂ ਦੀ ਮੰਗ ਸਿਰਫ਼ ਰੈਗੂਲਰ ਕਰਨ ਦੀ ਹੈ, ਕਿਉਂਕਿ ਸਾਲ 2002 ਤੋਂ ਉਹ ਐੱਨਐੱਚਐੱਮ ਤਹਿਤ ਆਪਣੀਆਂ ਸੇਵਾਵਾਂ ਦੇ ਰਹੇ ਹਨ। ਮੁਲਾਜ਼ਮਾਂ ਨੇ ਕਿਹਾ ਕਿ ਟੀਬੀ ਮਰੀਜ਼ਾਂ ਨੂੰ ਡਾਇਗਨੋਜ ਕਰਨਾ ਫਿਰ ਉਨ੍ਹਾਂ ਦੀ ਕੰਟਰੈਕਟ ਟ੍ਰੇਸਿੰਗ ਕਰਨਾ, ਇੱਥੋਂ ਤੱਕ ਪੂਰੇ ਕੋਰਸ ’ਚ ਦਵਾਈ ਦੇਣ ਦਾ ਕੰਮ ਵੀ ਉਨ੍ਹਾਂ ਦਾ ਹੁੰਦਾ ਹੈ। ਇਹ ਕੋਰਸ ਛੇ, ਨੌਂ ਮਹੀਨੇ ਤੇ 2 ਸਾਲ ਤੱਕ ਦਾ ਹੁੰਦਾ ਹੈ। ਉਧਰ ਕਰੋਨਾ ਕਾਲ ’ਚ ਇਨ੍ਹਾਂ ਮੁਲਾਜ਼ਮਾਂ ਨੇ ਕਰੋਨਾ ਟੈਸਟਿੰਗ ਅਤੇ ਟੀਕਾਕਰਨ ਕਰਵਾਉਣ ਦਾ ਵੀ ਕੰਮ ਕੀਤਾ ਹੈ। ਇਨ੍ਹਾਂ ਮੁਲਾਜ਼ਮਾਂ ਤੋਂ ਕੰੰਮ ਪੂਰੇ ਲਏ ਜਾ ਰਹੇ ਹਨ, ਫਿਰ ਵੀ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ। ਜ਼ਿਲ੍ਹਾ ਲੁਧਿਆਣਾ ਦੇ ਸੁਧਾਰ, ਹਠੂਰ, ਪਾਇਲ, ਸਾਹਨੇਵਾਲ, ਖੰਨਾ ਆਦਿ ’ਚ ਟੀਬੀ ਦੀਆਂ 34 ਲੈਬਾਂ ਹਨ, ਜਿੱਥੇ ਟੈਸਟਿੰਗ ਹੁੰਦੀ ਹੈ। ਇਨ੍ਹਾਂ ਸਾਰੀਆਂ ਥਾਂਵਾਂ ’ਤੇ 40 ਦੇ ਕਰੀਬ ਮੁਲਾਜ਼ਮ ਠੇਕੇ ’ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਹਾਲਾਂਕਿ ਪੱਕੇ ਮੁਲਾਜ਼ਮਾਂ ਵੱਲੋਂ ਕੰਮਕਾਜ ਜਾਰੀ ਰਿਹਾ, ਜੋ ਕੰਮ ਲਈ ਇੱਕ ਦਿਨ ਦਾ ਸਮਾਂ ਲੱਗਦਾ ਸੀ, ਉਹ ਹੁਣ ਤੋਂ 3 ਦਿਨਾਂ ਵਿੱਚ ਹੋ ਰਿਹਾ ਹੈ। ਵੀਰਵਾਰ ਨੂੰ ਵੀ ਸਿਵਲ ਹਸਪਤਾਲ ’ਚ ਐਂਟਰੀ ਰਿਟਰੋ ਵਾਇਰਲ ਥੈਰੇਪੀ, ਓਐਸਟੀ ਸੈਂਟਰਸ ’ਤੇ ਵੀ ਹੜਤਾਲ ਜਾਰੀ ਰਹੀ। ਧਰਨੇ ’ਚ ਅਨਿਲ ਸ਼ਰਮਾ, ਅਮਰਿੰਦਰ ਸਿੰਘ, ਮਨਦੀਪ ਸਿੰਘ, ਜਸਬੀਰ ਸਿੰਘ, ਜਤਿੰਦਰ ਸਿੰਘ, ਮੋਨਿਕਾ ਆਦਿ ਮੌਜੂਦ ਰਹੇ।