ਡੀਪੀਐੱਸ ਬੱਤਰਾ
ਸਮਰਾਲਾ, 18 ਜੁਲਾਈ
ਭ੍ਰਿਸ਼ਟਾਚਾਰ ਵਿਰੋਧੀ ਫ਼ਰੰਟ (ਰਜਿ:) ਸਮਰਾਲਾ ਦੀ ਮਹੀਨੇਵਾਰ ਇਕੱਤਰਤਾ ਫ਼ਰੰਟ ਦੇ ਪ੍ਰਧਾਨ ਜਥੇਦਾਰ ਅਮਰਜੀਤ ਸਿੰਘ ਬਾਲਿਓਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਕੱਤਰ ਸ਼ਿਵੰਦਰ ਸਿੰਘ ਵੱਲੋਂ ਪਿਛਲੇ ਮਹੀਨੇ ਫਰੰਟ ਕੋਲ ਆਏ ਕੇਸਾਂ ਬਾਰੇ ਜਾਣਕਾਰੀ ਦਿੱਤੀ ਗਈ। ਫ਼ਰੰਟ ਦੇ ਪ੍ਰਧਾਨ ਬਾਲਿਓਂ ਨੇ ਕਚਹਿਰੀਆਂ ਵਿੱਚ ਰਜਿਸਟਰੀਆਂ, ਇੰਤਕਾਲਾਂ ਆਦਿ ਦੇ ਰੁਕੇ ਕੰਮਾਂ ਤੋਂ ਸਭ ਨੂੰ ਜਾਣੂ ਕਰਵਾਇਆ ਅਤੇ ਇਸ ਬਾਰੇ ਜਲਦੀ ਹੀ ਸੰਘਰਸ਼ ਉਲੀਕਣ ਦੀ ਗੱਲ ਕਹੀ। ਫ਼ਰੰਟ ਦੇ ਸਰਪ੍ਰਸਤ ਕਮਾਡੈਂਟ ਰਛਪਾਲ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਖਾਸਕਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਹੁਣ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਇਸ ਵਿੱਚ ਸਾਰੇ ਜਣੇ ਖ਼ਾਲੀ ਪਈਆਂ ਥਾਵਾਂ ਉੱਤੇ ਵੱਧ ਤੋਂ ਵੱਧ ਪੌਦੇ ਲਗਾਉਣ। ਮੀਟਿੰਗ ਵਿੱਚ ਸ਼ਾਮਲ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਪਿਛਲੇ ਦਿਨੀਂ ਮੱਤੇਵਾੜਾ ਦੇ ਜੰਗਲ ਨੂੰ ਬਚਾਉਣ ਲਈ ਇਕਜੁੱਟ ਹੋਣ ਉੱਤੇ ਵਾਤਾਵਰਨ ਪ੍ਰੇਮੀਆਂ ਅਤੇ ਸਮਾਜਸੇਵੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਗ਼ਲਤ ਫ਼ੈਸਲਿਆਂ ਦਾ ਨਤੀਜਾ ਕਈ ਵਾਰੀ ਆਮ ਲੋਕਾਂ ਨੂੰ ਵੱਡੇ ਰੂਪ ਵਿੱਚ ਭੁਗਤਣਾ ਪੈਂਦਾ ਹੈ। ਸਮਾਜਸੇਵੀ ਦੀਪ ਦਿਲਬਰ ਕੋਟਾਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਰਵੱਈਆ ਕਦੇ ਵੀ ਪੰਜਾਬ ਪੱਖੀ ਨਹੀਂ ਰਿਹਾ ਅਤੇ ਹੁਣ ਵੀ ਉਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਆਨੀ-ਬਹਾਨੀ ਪੰਜਾਬ ਕੋਲ਼ੋਂ ਖੋਹਣਾ ਚਾਹੁੰਦੀ ਹੈ। ਇਸ ਮੌਕੇ ਅਵਤਾਰ ਸਿੰਘ ਉਟਾਲਾਂ, ਮਨਜੀਤ ਸਿੰਘ, ਬਲਦੇਵ ਸਿੰਘ ਖਮਾਣੋਂ, ਸੰਤੋਖ ਸਿੰਘ ਨਾਗਰਾ, ਨਿਰਮਲ ਸਿੰਘ ਹਰਬੰਸਪੁਰ, ਬੰਤ ਸਿੰਘ ਖ਼ਾਲਸਾ, ਰਾਜਿੰਦਰ ਸਿੰਘ ਕਲੇਰ ਨੇ ਵੀ ਸੰਬੋਧਨ ਕੀਤਾ। ਮੀਟਿੰਗ ਉਪਰੰਤ ਸਾਰੇ ਮੈਂਬਰ ਇਕੱਠੇ ਹੋ ਕੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਦਫ਼ਤਰ ਵਿੱਚ ਗਏ ਅਤੇ ਉਨ੍ਹਾਂ ਨੂੰ ਹਲਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਕੁਝ ਖਾਸ ਮੰਗਾਂ ਉੱਤੇ ਸਲਾਹ-ਮਸ਼ਵਰਾ ਵੀ ਕੀਤਾ। ਦਿਆਲਪੁਰਾ ਨੇ ਵਿਸ਼ਵਾਸ ਦਿਵਾਇਆ ਗਿਆ ਕਿ ਸਾਰੀਆਂ ਮੰਗਾਂ ਨੂੰ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।