ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਅਗਸਤ
ਜੀਐੱਚਜੀ ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਵਿੱਚ ਅੱਜ ਡਾਇਰੈਕਟਰ ਡਾ. ਐੱਸਕੇ ਨਾਇਕ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਸ਼ਵੇਤਾ ਢੰਡ ਦੀ ਅਗਵਾਈ ਹੇਠ ਸਾਉਣ ਮਹੀਨੇ ਦੀਆਂ ਖ਼ੁਸ਼ੀਆਂ ਤੇ ਖੇੜਿਆਂ ਦੇ ਪ੍ਰਤੀਕ ਤਿਉਹਾਰ ਤੀਆਂ ਤੀਜ ਦੀਆਂ ਮਨਾਇਆ ਗਿਆ। ਇਸ ਦੀਆਂ ਇੰਚਾਰਜ ਫੈਕਲਟੀ ਮੈਂਬਰਾਂ ਜਸਪਾਲ ਕੌਰ, ਨੀਲਮ ਰਾਣੀ, ਡਾ. ਲਵਲੀ ਸ਼ਰਮਾ ਅਤੇ ਹਰਪ੍ਰੀਤ ਕੌਰ ਸਨ। ਆਯੂਸ਼ਾ ਅਤੇ ਯੁਗਰਾਜ ਕੌਰ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਵਿਦਿਆਰਥਣਾਂ ਦੀ ‘ਮਿਸ ਤੀਜ’ ਪ੍ਰਤੀਯੋਗਤਾ ਵੀ ਕਰਵਾਈ ਗਈ ਜਿਸ ਵਿੱਚ 25 ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਤੀਜ ਮੁਕਾਬਲੇ ‘ਚ ਸਹਾਇਕ ਪ੍ਰੋਫੈਸਰ ਮਨਪ੍ਰੀਤ ਕੌਰ, ਅਮਨਦੀਪ ਕੌਰ ਅਤੇ ਨਿਸ਼ਾਤ ਸ਼ਰਮਾ ਨੇ ਜੱਜਾਂ ਦੀ ਭੂਮਿਕਾ ਨਿਭਾਈ। ਮੁਕਾਬਲੇ ‘ਚੋਂ ‘ਮਿਸ ਤੀਜ’ ਦਾ ਖ਼ਿਤਾਬ ਬੀਏ ਐੱਲਐੱਲਬੀ ਸੱਤਵਾਂ ਸਮੈਸਟਰ ਦੀ ਅੰਸ਼ੂ ਨੇ ਜਿੱਤਿਆ। ਇਸ ਤੋਂ ਇਲਾਵਾ ਸੁਖਮਨਪ੍ਰੀਤ ਕੌਰ ਨੂੰ ਫਸਟ ਰਨਰਅਪ ਅਤੇ ਸਾਇਨਾ ਨੂੰ ਸੈਕਿੰਡ ਰਨਰਅਪ ਦੇ ਖ਼ਿਤਾਬ ਦਿੱਤਾ ਗਿਆ। ਨਵਕਿਰਨ ਕੌਰ ਨੇ ‘ਠੇਠ ਪੰਜਾਬਣ ਮੁਟਿਆਰ’, ਨੂਰਦੀਪ ਕੌਰ ਨੇ ‘ਤੋਰ ਮਜਾਜਣ ਦੀ’ ਅਤੇ ਵਰਸ਼ਾ ਨੇ ‘ਮਨਮੋਹਣੀ ਮੁਸਕਾਨ’ ਦਾ ਟਾਈਟਲ ਜਿੱਤਿਆ। ਇਸ ਮੌਕੇ ਡਾਇਰੈਕਟਰ ਨਾਇਕ ਹਾਜ਼ਰ ਸਨ।