ਪੱਤਰ ਪ੍ਰੇਰਕ
ਦੋਰਾਹਾ, 10 ਮਾਰਚ
ਪੰਜਾਬ ਦੀ ਸਭ ਤੋਂ ਪੁਰਾਣੀ ਪੇਂਡੂ ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ 69ਵਾਂ ਸਾਲਾਨਾ ਸਮਾਗਮ ਗ਼ਜ਼ਲਗੋ ਗੁਰਦਿਆਲ ਰੌਸ਼ਨ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਬਲਦੇਵ ਸਿੰਘ ਝੱਜ ਨੇ ਸਾਲ 1988 ਤੋਂ ਦਿੱਤੇ ਜਾ ਰਹੇ ਸਨਮਾਨਾਂ ਸਬੰਧੀ ਜਾਣਕਾਰੀ ਦਿੱਤੀ। ਸਮਾਗਮ ਮੌਕੇ ਸ਼ਾਇਰ ਭਗਵਾਨ ਢਿੱਲੋਂ ਦਾ ਸਨਮਾਨ ਸਬੰਧੀ ਪੱਤਰ ਹਰਪ੍ਰੀਤ ਰਾਮਪੁਰ ਪੱਤਰ ਨੇ ਪੜ੍ਹਿਆ ਤੇ ਉਨ੍ਹਾਂ ਨੂੰ ਲਾਭ ਸਿੰਘ ਚਾਤ੍ਰਿਕ ਯਾਦਗਾਰੀ ਸਨਮਾਨ ਪ੍ਰਦਾਨ ਕੀਤਾ ਗਿਆ। ‘ਸ੍ਰੀ ਰਾਮ ਸਰੂਪ ਰਿਖੀ’ ਦਾ ਸਨਮਾਨ ਪੱਤਰ ਬਲਵੰਤ ਮਾਂਗਟ ਨੇ ਪੜ੍ਹਿਆ ਤੇ ਉਨ੍ਹਾਂ ਨੂੰ ਜਸਵੰਤ ਧਮੋਟ ਯਾਦਗਾਰੀ ਸਨਮਾਨ ਪ੍ਰਦਾਨ ਕੀਤਾ। ‘ਸ੍ਰੀ ਕਰਮ ਸਿੰਘ ਜ਼ਖ਼ਮੀ’ ਦਾ ਸਨਮਾਨ ਪੱਤਰ ਪ੍ਰਭਜੋਤ ਸਿੰਘ ਨੇ ਪੜ੍ਹਿਆ ਤੇ ਉਨ੍ਹਾਂ ਨੂੰ ਕਾਮਰੇਡ ਰਣਧੀਰ ਸਿੰਘ ਯਾਦਗਾਰੀ ਸਨਮਾਨ ਪ੍ਰਦਾਨ ਕੀਤਾ ਗਿਆ। ਉਕਤ ਸਨਮਾਨ ਕ੍ਰਮਵਾਰ ਸਾਬਕਾ ਸਰਪੰਚ ਅਲਬੇਲ ਸਿੰਘ ਮਾਂਗਟ, ਕਾਮਰੇਡ ਰਣਧੀਰ ਸਿੰਘ ਮਾਂਗਟ (ਸਾਬਕਾ ਸਰਪੰਚ) ਦਾ ਪਰਿਵਾਰ ਅਤੇ ਕੁਲਵੰਤ ਸਿੰਘ ਗਿੱਲ ਵੱਲੋਂ ਪ੍ਰਦਾਨ ਕੀਤੇ ਗਏ, ਜਿਸ ਵਿੱਚ 3100 ਰੁਪਏ ਨਗਦ ਰਾਸ਼ੀ ਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਸਾਧੂ ਸਿੰਘ ਝੱਜ ਦੀ ਕਾਵਿ ਪੁਸਤਕ ‘ਸੁਣ ਪੰਜਾਬ ਸਿਆਂ’ ਰਿਲੀਜ਼ ਕੀਤੀ ਗਈ, ਜਿਸ ਦੀ ਜਾਣ-ਪਛਾਣ ਸੁਰਿੰਦਰ ਰਾਮਪੁਰੀ ਨੇ ਕਰਵਾਈ। ਗੁਰਦਿਆਲ ਰੌਸ਼ਨ ਨੇ ਆਪਣੀਆਂ ਪੁਸਤਕਾਂ ‘ਕਾਲਾ ਸੂਰਜ’, ਖੇਤਾਂ ਤੋਂ ਦਿੱਲੀ ਤੱਕ’, ‘ਸਫਰ ਜਾਰੀ ਹੈ’, ਅਤੇ ਬਲਵਿੰਦਰ ਸਿੰਘ ਚਾਹਲ (ਯੂ.ਕੇ.) ਨੇ ‘ਇਟਲੀ ਵਿੱਚ ਸਿੱਖ ਫੌਜੀ’, ਗੁਰਦੀਪ ਸਿੰਘ ਵੜੈਚ ਨੇ ‘ਵਕਤ ਦੀ ਕੈਨਵਸ’ ਰਾਮਪੁਰ ਸਭਾ ਦੀ ਲਾਇਬ੍ਰੇਰੀ ਲਈ ਭੇਟ ਕੀਤੀਆਂ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਹਰਬੰਸ ਮਾਲਵਾ ਨੇ ਬਾਖੂਬੀ ਨਿਭਾਈ। ਇੱਕ ਮਤੇ ਰਾਹੀਂ ਰੂਸ-ਯੂਰਕੇਨ ਵਿੱਚ ਸਰਮਾਏਦਾਰੀ ਦੀਆਂ ਕੋਝੀਆਂ ਚਾਲਾਂ ਕਾਰਨ ਛਿੜੇ ਯੁੱਧ ਤੇ ਚਿੰਤਾ ਵਿਅਕਤ ਕਰਦਿਆਂ ਮਨੁੱਖਤਾ ਦਾ ਘਾਣ ਰੋਕਣ ਲਈ ਯੁੱਧ ਬੰਦੀ ਦੀ ਅਪੀਲ ਕੀਤੀ ਗਈ।