ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਨਵੰਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਤਿੰਨ ਰੋਜ਼ਾ 51ਵੇਂ ਸਾਲਾਨਾ ਕੇਂਦਰੀ ਸਮਾਗਮ ਦੀ ਆਰੰਭਤਾ ਅੱਜ ਜਥੇਬੰਦੀ ਦੇ ਕੇਂਦਰੀ ਦਫ਼ਤਰ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਉਪਰੰਤ ਹੋਈ। ਨਿਸ਼ਾਨ ਸਾਹਿਬ ਲਹਿਰਾਉਣ ਦੀ ਰਸਮ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟਿਚਊਟ ਦੇ ਵਿਦਿਆਰਥੀਆਂ ਵੱਲੋਂ ਪ੍ਰਿੰ. ਸਾਹਿਬਜੀਤ ਸਿੰਘ ਅਤੇ ਉਸਤਾਦ ਗੁਰਨਾਮ ਸਿੰਘ ਦੀ ਅਗਵਾਈ ਹੇਠ ਸ਼ਬਦ ਗਾਇਣ ਉਪਰੰਤ ਜਥੇਬੰਦੀ ਦੀਆਂ ਪੰਜ ਕੌਂਸਲਾਂ ਦੇ ਮੁਖੀ ਸਾਹਿਬਾਨ ਵੱਲੋਂ ਅਦਾ ਕੀਤੀ ਗਈ।
ਇਸ ਮੌਕੇ ਚੀਫ਼ ਸਕੱਤਰ ਹਰਮੋਹਿੰਦਰ ਸਿੰਘ ਨੰਗਲ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਜਦਕਿ ਬਲਜੀਤ ਸਿੰਘ ਚੇਅਰਮੈਨ ਨੇ ਕਿਹਾ ਕਿ ਸਾਨੂੰ ਗੁਰਬਾਣੀ ਵਿੱਚ ਦਰਸਾਏ ਹੁਕਮਾਂ ਨੂੰ ਮੰਨਦੇ ਹੋਏ ਅਕਾਲ ਪੁਰਖ ‘ਤੇ ਭਰੋਸਾ ਬਣਾਉਣਾ ਅਤੇ ਸਰਬੱਤ ਦੇ ਭਲੇ ਦੇ ਕਾਰਜਾਂ ਵਿਚ ਜੁੱਟਣਾ ਚਾਹੀਦਾ ਹੈ। ਸਕੱਤਰ ਜਨਰਲ ਗੁਰਚਰਨ ਸਿੰਘ ਨੇ ਪਿਛਲੇ 50 ਸਾਲਾਂ ਦੌਰਾਨ ਜਥੇਬੰਦੀ ਦੇ ਕਾਰਜਕਰਤਾਵਾਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਿਭਾਈਆਂ ਗਈਆਂ ਉਤਸ਼ਾਹ ਭਰਪੂਰ ਸੇਵਾਵਾਂ ਦਾ ਵਰਨਣ ਕਰਦਿਆਂ ਜਥੇਬੰਦੀ ਦੇ ਉਦੇਸ਼ਾਂ ਅਨੁਸਾਰ ਕਾਰਜ ਕਰਨ ਲਈ ਪ੍ਰੇਰਣਾ ਕੀਤੀ। ਇਸ ਮੌਕੇ ਸੁਰਜੀਤ ਸਿੰਘ ਜ਼ੋਨਲ ਪ੍ਰਧਾਨ ਲੁਧਿਆਣਾ ਜ਼ੋਨ ਨੇ ਕਾਰਜਕਰਤਾਵਾਂ ਨੂੰ ਪ੍ਰਣ ਕਰਵਾਇਆ ਕਿ ਸਮੂਹ ਕਾਰਜਕਰਤਾ ਗੁਰਬਾਣੀ ਅਨੁਸਾਰ ਸਰਬ ਸਾਂਝੀਵਾਲਤਾ ਵਾਲਾ ਸਮਾਜ ਸਿਰਜਣ ਲਈ ਲਾਮਬੰਦ ਰਹਿਣਗੇ। ਸਾਲਾਨਾ ਸਮਾਗਮ ਦੇ ਪਹਿਲੇ ਸੈਸ਼ਨ ਦੌਰਾਨ ਮਨਪ੍ਰੀਤ ਸਿੰਘ ਦਿੱਲੀ ਵਾਲਿਆਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸਟੇਜ ਦਾ ਸੰਚਾਲਨ ਚੀਫ਼ ਸਕੱਤਰ ਹਰਮੋਹਿੰਦਰ ਸਿੰਘ ਨੇ ਕੀਤਾ। ਵਰਨਣਯੋਗ ਹੈ ਕਿ 19 ਨਵੰਬਰ ਤੱਕ ਚੱਲਣ ਵਾਲੇ ਇਸ ਸਮਾਗਮ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਬੰਗਾਲ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ ਅਤੇ ਮਹਾਂਰਾਸ਼ਟਰਾ ਤੋਂ 200 ਤੋਂ ਵੱਧ ਪ੍ਰਤੀਨਿਧ ਹਿੱਸਾ ਲੈ ਰਹੇ ਹਨ।