ਡੀ ਪੀ ਐੱਸ ਬੱਤਰਾ
ਸਮਰਾਲਾ, 3 ਅਪਰੈਲ
ਪੰਜਾਬੀ ਸੱਥ ਬਰਵਾਲੀ ਵੱਲੋਂ ਸਾਲਾਨਾ ਸਾਹਿਤਕ ਸਮਾਗਮ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ਼ ਫਾਰ ਵਿਮੈੱਨ ਝਾੜ ਸਾਹਿਬ ਵਿੱਚ ਕਰਵਾਇਆ ਗਿਆ। ਇਹ ਸਮਾਗਮ ਵਾਤਾਵਰਨ, ਸੱਭਿਆਚਾਰ ਤੇ ਮਾਂ ਬੋਲੀ ਦੇ ਹੱਕ ਵਿਚ ਜ਼ੋਰਦਾਰ ਹੋਕਾ ਦੇ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਨਾਟਕਕਾਰ ਸਤੀਸ਼ ਵਰਮਾ ਨੇ ਸ਼ਿਰਕਤ ਕੀਤੀ ਜਦਕਿ ਪ੍ਰਧਾਨਗੀ ਝਾੜ ਸਾਹਿਬ ਕਾਲਜ ਦੀ ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਕੀਤੀ ਅਤੇ ਪੰਜਾਬੀ ਸੱਥ ਲਾਂਬੜਾ ਦੇ ਮੁੱਖ ਨਿਗਰਾਨ ਅਤੇ ਸੱਥਾਂ ਦੇ ਸਰਪ੍ਰਸਤ ਡਾ. ਨਿਰਮਲ ਸਿੰਘ ਲਾਂਬੜਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਬੁਲਾਰਿਆਂ ਨੇ ਕਿਹਾ ਕਿ ਅੱਜ ਹਵਾ, ਪਾਣੀ ਅਤੇ ਧਰਤੀ ਦਾ ਕਣ-ਕਣ ਜ਼ਹਿਰੀ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੱਥਾਂ ਦੇ ਹੋਂਦ ਵਿੱਚ ਲਿਆਉਣ ਪਿੱਛੇ ਮੁੱਖ ਮਕਸਦ ਇਹ ਹੈ ਕਿ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਅਤੇ ਸੰਭਾਲ ਦੇ ਨਾਲ-ਨਾਲ ਵਾਤਾਵਰਨ ਦੀ ਸ਼ੁੱਧਤਾ ਲਈ ਉਚੇਚੇ ਯਤਨ ਕੀਤੇ ਜਾ ਸਕਣ। ਸਮਾਗਮ ਦਾ ਆਰੰਭ ਰਾਜਵਿੰਦਰ ਸਮਰਾਲਾ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖ ਕੇ ਕੀਤਾ ਗਿਆ। ਸੱਥ ਦੇ ਪ੍ਰਧਾਨ ਗੁਰਦੀਪ ਸਿੰਘ ਕੰਗ ਬਰਵਾਲੀ, ਸਤਵੰਤ ਕੌਰ ਖਾਲਸਾ, ਅਵਤਾਰ ਸਿੰਘ ਕੋਟਾਲਾ, ਕੁਲਦੀਪ ਬਰਮਾਲੀਪੁਰ ਅਤੇ ਦਰਸ਼ਪ੍ਰੀਤ ਸਿੰਘ ਬੱਤਰਾ ਨੇ ਦੱਸਿਆ ਕਿ ਸੱਥ ਵੱਲੋਂ ਪੱਤਰਕਾਰ ਗੁਰਮਿੰਦਰ ਸਿੰਘ ਗਰੇਵਾਲ ਨੂੰ ‘ਪੀ ਐੱਸ ਬੱਤਰਾ ਯਾਦਗਾਰੀ ਪੁਰਸਕਾਰ’, ਸ਼੍ਰੋਮਣੀ ਬਾਲ ਸਾਹਿਤਕਾਰ ਸੁਰਜੀਤ ਮਰਜਾਰਾ ਨੂੰ ‘ਬੀਬੀ ਮਨਜੀਤ ਕੌਰ ਸੰਪੂਰਨ ਯਾਦਗਾਰੀ ਪੁਰਸਕਾਰ’, ਲੇਖਕਾ ਪਰਮਜੀਤ ਕੌਰ ਸਰਹਿੰਦ ਨੂੰ ‘ਡਾ. ਕੇਸਰ ਸਿੰਘ ਯਾਦਗਾਰੀ ਪੁਰਸਕਾਰ’, ਨਾਟਕਕਾਰ ਜਗਦੀਸ਼ ਖੰਨਾ ਨੂੰ ‘ਬਾਪੂ ਜੈਪਾਲ ਸਿੰਘ ਅਤੇ ਗੁਰਮੀਤ ਕੌਰ ਯਾਦਗਾਰੀ ਪੁਰਸਕਾਰ’ ਅਤੇ ਲਾਲ ਸਿੰਘ ਧਨੌਲਾ ਨੂੰ ‘ਭਾਈ ਜਸਵੰਤ ਸਿੰਘ ਖਾਲਸਾ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਝਾੜ ਸਾਹਿਬ ਕਾਲਜ ਦੀਆਂ ਉਨ੍ਹਾਂ ਵਿਦਿਆਰਥਣਾਂ ਦਾ ਵੀ ਸਨਮਾਨ ਕੀਤਾ ਗਿਆ, ਜਿਨ੍ਹਾਂ ਵੱਲੋਂ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਗਈਆਂ ਹਨ। ਅਕਸ ਰੰਗਮੰਚ ਸਮਰਾਲਾ ਦੀ ਟੀਮ ਵੱਲੋਂ ਰਾਜਵਿੰਦਰ ਸਮਰਾਲਾ ਦੇ ਨਿਰਦੇਸ਼ਨ ਹੇਠ ਵਿਅੰਗ ਨਾਟਕ ‘ਕਿੱਸਾ ਕੁਰਸੀ’ ਦਾ ਪੇਸ਼ ਕੀਤਾ ਗਿਆ ਜਦਕਿ ਲੇਖਕ ਹਰਚਰਨ ਨਿਥਾਵਾਂ ਦੀ ਕਿਤਾਬ ‘ਕਣਕਾਂ ਦੀ ਲੋਰੀ’ ਨੂੰ ਸ਼ਗਨ ਦਿੱਤਾ ਗਿਆ। ਇਸ ਮੌਕੇ ਡਾ. ਪਰਮਿੰਦਰ ਸਿੰਘ ਬੈਨੀਪਾਲ, ਕਹਾਣੀਕਾਰ ਤੇਲੂ ਰਾਮ ਕੁਹਾੜਾ, ਰਾਮ ਗੋਪਾਲ ਸੋਫ਼ਤ, ਰਣਧੀਰ ਸਿੰਘ ਧੀਰਾ, ਕਰਮਜੀਤ ਕੌਰ ਬੱਤਰਾ, ਸੁਖਵਿੰਦਰ ਸਿੰਘ ਸੁੱਖਾਂ ਖੱਟਰਾਂ, ਚਰਨਜੀਤ ਸਿੰਘ ਢੰਡਾ ਕੈਨੇਡਾ, ਡਾ. ਹਰਜਿੰਦਰਪਾਲ, ਜਸਮੀਤ ਕੌਰ ਬੱਤਰਾ, ਪ੍ਰਭਗੁਣ ਸਿੰਘ ਬੱਤਰਾ, ਮਨਮੋਹਣ ਸਿੰਘ ਦਾਊਂ, ਲਖਵੀਰ ਸਿੰਘ ਬਲਾਲਾ, ਲਵੀ ਢਿੱਲੋਂ, ਕਮਲਜੀਤ ਦਿਆਲਪੁਰਾ ਤੇ ਡਾ. ਦਿਲਜਾਨ ਸਿੰਘ ਹਾਜ਼ਰ ਸਨ।