ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਮਈ
ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ 2021-22 ਵਿਦਿਅਕ ਵਰ੍ਹੇ ਦੇ ਵਿਦਿਆਰਥੀਆਂ ਵੱਲੋਂ ਸਿੱਖਿਆ, ਖੇਡਾਂ ਤੇ ਸੱਭਿਆਚਾਰਕ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਇਨਾਮਾਂ ਦੀ ਵੰਡ ਕੀਤੀ ਗਈ। ਇਸ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਜਦਕਿ ਅਮਰਜੀਤ ਸਿੰਘ ਸਿਆਨ ਅਤੇ ਡਿਪਟੀ ਡਾਇਰੈਕਟਰ ਐਜੂਕੇਸ਼ਨ ਡਾ. ਅਸ਼ਵਨੀ ਭੱਲਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ ਕੀਤੀ। ਕਾਲਜ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਸਮਾਗਮ ਦੌਰਾਨ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਮੁੱਖ ਮਹਿਮਾਨ ਸ੍ਰੀ ਸਿੱਧੂ ਨੇ ਵਧਾਈ ਦਿੱਤੀ ਉੱਥੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਪ੍ਰਾਪਤ ਕੀਤੀ ਸਿੱਖਿਆ ਨੂੰ ਸਮਾਜ ਦੀ ਭਲਾਈ ਲਈ ਵਰਤੋਂ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਵਿੱਚ ਨੌਜਵਾਨ ਪੀੜ੍ਹੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੀ ਹੈ। ਕਾਲਜ ਪ੍ਰਿੰਸੀਪਲ ਰਾਜੇਸ਼ਵਰਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਕਾਲਜ ਹਮੇਸ਼ਾ ਹੀ ਆਪਣੀਆਂ ਵਿਦਿਆਰਥਣਾਂ ਨੂੰ ਮਿਆਰੀ ਸਿੱਖਿਆ ਦਿੰਦਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਚੰਗੀ ਜੀਵਨ ਜਾਚ ਸਿਖਾਉਂਦਾ ਹੈ। ਪ੍ਰਧਾਨ ਰਣਜੋਧ ਸਿੰਘ ਨੇ ਕਿਹਾ ਕਿ ਵਿਦਿਆਰਥਣਾਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਆਪਣੇ ਇਰਾਦੇ ਦ੍ਰਿੜ੍ਹ ਕਰਕੇ ਵੱਖ ਵੱਖ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਮਾਗਮ ਵਿੱਚ ਸਮੂਹ ਰਾਮਗੜ੍ਹੀਆ ਐਜੂਕੇਸ਼ਨ ਸੰਸਥਾਵਾਂ ਦੇ ਪ੍ਰਿੰਸੀਪਲਾਂ ਤੋਂ ਇਲਾਵਾ ਡਾ. ਨਿਰਮਲ ਜੌੜਾ, ਸਾਬਕਾ ਪ੍ਰਿੰਸੀਪਲ ਡਾ. ਨਰਿੰਦਰ ਕੌਰ ਸੰਧੂ, ਮਨਜਿੰਦਰ ਕੌਰ, ਪ੍ਰਿੰ. ਚਮਕੌਰ ਸਿੰਘ ਆਦਿ ਵੀ ਪਹੁੰਚੇ ਹੋਏ ਸਨ। ਕਾਲਜ ਕੌਂਸਲ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਲੋਟੇ ਨੇ ਸਾਰਿਆਂ ਦਾ ਧੰਨਵਾਦ ਕੀਤਾ।