ਰਾਮ ਗੋਪਾਲ ਰਾਏਕੋਟੀ
ਰਾਏਕੋਟ, 4 ਜੂਨ
1948 ਵਿੱਚ ਸਥਾਪਤ ਹੋਈ, ਸਥਾਨਕ ਲਕਸ਼ਮੀ ਆਈਸ ਫੈਕਟਰੀ ਜਿਹੜੀ ‘ਲਾਲੀ ਦਾ ਕਾਰਖਾਨਾ’ ਨਾਂਅ ਨਾਲ ਜਾਣੀ ਜਾਂਦੀ ਹੈ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 1 ਲੱਖ 56 ਹਜ਼ਾਰ 544 ਰਪਏ ਜਮ੍ਹਾਂ ਕਰਵਾਉਣ ਦਾ ਨੋਟਿਸ ਮਿਲਿਆ ਹੈ। ਜਿਸ ਨੂੰ ਏਸੀਡੀ ਦਾ ਨਾਂ ਦਿੱਤਾ ਗਿਆ ਹੈ ਭਾਵ ਅਡਵਾਂਸ ਕੰਜਪਸ਼ਨ ਸਕਿਉਰਿਟੀ ਡਿਪਾਜ਼ਿਟ। ਵਿਭਾਗ ਵਲੋਂ ਕਿਹਾ ਗਿਆ ਹੈ ਕਿ ਅੱਜ ਤੋਂ 72 ਸਾਲ ਪਹਿਲਾਂ ਸੰਨ 1948 ਵਿੱਚ ਉਨ੍ਹਾਂ ਨੇ 1980 ਰੁਪਏ ਸਕਿਉਰਿਟੀ ਵਜੋਂ ਜਮ੍ਹਾਂ ਕਰਵਾਏ ਸਨ ਤੇ ਅੱਜ ਦੀ ਖਪਤ ਦੇ ਹਿਸਾਬ ਨਾਲ ਉਨ੍ਹਾਂ ਦੀ ਸਕਿਉਰਿਟੀ 1,58,524 ਰੁਪਏ ਬਣਦੀ ਹੈ। ਲਿਹਾਜ਼ਾ 1,56,544 ਰੁਪਏ ਤੁਸੀ ਛੇਤੀ ਤੋਂ ਛੇਤੀ ਜਮ੍ਹਾਂ ਕਰਵਾਓ ਨਹੀਂ ਤਾਂ ਇਹ ਰਕਮ ਬਿੱਲ ਵਿੱਚ ਐਡ ਕਰ ਦਿੱਤੀ ਜਾਵੇਗੀ ਅਤੇ ਨਾ ਜਮ੍ਹਾਂ ਕਰਵਾਉਣ ’ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਇਸ ਸਬੰਧੀ ਫੈਕਟਰੀ ਮਾਲਕ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਬੰਦ ਪਏ ਕੰਮ ਦੌਰਾਨ ਕੁੱਝ ਦਿਨ ਪਹਿਲਾਂ ਉਹ ਦੋ ਲੱਖ ਰੁਪਏ ਦਾ ਬਿੱਲ ਜਮ੍ਹਾਂ ਕਰਵਾ ਕੇ ਚੁੱਕੇ ਹਨ ਹੁਣ ਉਨ੍ਹਾਂ ਲਈ ਇਹ ਕਰਮ ਜਮ੍ਹਾਂ ਕਰਵਾਉਣੀ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਵਿਭਾਗ ਕਹਿ ਰਿਹਾ ਹੈ ਕਿ ਸਕਿਉਰਿਟੀ ਡੁਹਾਡੀ ਹੀ ਰਕਮ ਹੈ ਤੇ ਵਿਭਾਗ ਇਸ ’ਤੇ ਵਿਆਜ ਵੀ ਦੇਵੇਗਾ। ਉਨ੍ਹਾਂ ਕਿਹਾ ਕਿ 72 ਸਾਲ ਪਹਿਲਾਂ ਉਨ੍ਹਾਂ ਦੇ ਦਾਦਾ ਜੀ ਵੱਲੋਂ 1948 ਵਿੱਚ ਜਮ੍ਹਾਂ ਕਰਵਾਈ 1980 ਰੁਪਏ ਸਕਿਉਰਿਟੀ ਦਾ ਜੇ ਅੱਜ ਤੱਕ ਵਿਆਜ ਲਾਇਆ ਜਾਵੇ ਤਾਂ ਇਹ ਲੱਖਾਂ ਰੁਪਏ ਬਣਦਾ ਹੈ ਪ੍ਰੰਤੂ ਮਹਿਕਮਾ ਇਸ ਵਾਰੇ ਚੁੱਪ ਹੈ ਤੇ ਨਵੀਂ ਸਕਿਉਰਿਟੀ ’ਤੇ ਵਿਆਜ ਦੇਣ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਇਕ ਇਸ ਤੋਂ ਪਹਿਲਾਂ 1980 ਵਿੱਚ ਇਸੇ ਤਰ੍ਹਾਂ ਉਹ 6000 ਰੁਪਏ ਅਤੇ 1987 ਵਿੱਚ 32000 ਰੁਪਏ ਜਮ੍ਹਾਂ ਕਰਵਾ ਚੁੱਕੇ ਹਨ। ਫੈਕਟਰੀ ਮਾਲਕ ਨੇ ਕਿਹਾ ਕਿ ਜੇਕਰ ਅਧਿਕਾਰੀ ਨਹੀਂ ਸੁਣਦੇ ਤਾਂ ਉਹ ਕਨੂੰਨ ਦੀ ਸ਼ਰਨ ਵਿੱਚ ਜਾਣਗੇ ਅਤੇ ਇਸ ਧੱਕੇਸ਼ਾਹੀ ਦਾ ਡਟ ਕੇ ਵਿਰੋਧ ਕਰਨਗੇ। ਕਾਰਜਕਾਰੀ ਇੰਜਨੀਅਰ ਰਾਏਕੋਟ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਇਸ ਸਬੰਧੀ ਦੱਸਿਆ ਕਿ ਰਾਏਕੋਟ ’ਚ ਇਹ ਨੋਟਿਸ 300 ਤੋਂ ਵੱਧ ਖਪਤਕਾਰਾਂ ਨੂੰ ਭੇਜੇ ਗਏ ਹਨ ਤੇ ਇਹ ਸਕਿਉਰਿਟੀ ਖਪਤ ਦੇ ਹਿਸਾਬ ਨਾਲ ਤੈਅ ਹੰਦੀ ਹੈ ਤੇ ਨਿਯਮਾਂ ਅਨੁਸਾਰ ਹੀ ਲਈ ਜਾ ਰਹੀ ਹੈ, ਇਹ ਖਪਤਕਾਰ ਦੀ ਅਮਾਨਤ ਹੈ ਤੇ ਬਕਾਇਦਾ ਖਪਤਕਾਰ ਦੇ ਖਾਤੇ ਵਿੱਚ ਲਿਖੀ ਜਾਂਦੀ ਹੈ।