ਸਤਵਿੰਦਰ ਬਸਰਾ
ਲੁਧਿਆਣਾ, 14 ਨਵੰਬਰ
ਪੰਜਾਬ ਚੰਡੀਗ੍ਹੜ ਕਾਲਜ ਟੀਚਰ ਯੂਨੀਅਨ (ਪੀਸੀਸੀਟੀਯੂ) ਦੀ ਸਟੇਟ ਐਗਜ਼ੀਕਿਊਟਿਵ ਦੀ ਅੱਜ ਪੀਏਯੂ ਵਿੱਚ ਹੋਈ ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀਆਂ ਉੱਚ ਸਿੱਖਿਆ ਮਾਰੂ ਨੀਤੀਆਂ ਦਾ ਸਖ਼ਤ ਵਿਰੋਧ ਕਰਦਿਆਂ ਸੰਘਰਸ਼ ਤੇਜ਼ ਕਰਨ ਲਈ ਰਣਨੀਤੀ ਤਿਆਰ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਡਾ. ਵਿਨੈ ਸੋਫਤ ਨੇ ਦੱਸਿਆ ਕਿ ਦੇਸ਼ ਦੇ ਸਾਰੇ ਰਾਜਾਂ ਵਿੱਚ ਯੂਜੀਸੀ ਦਾ 7ਵਾਂ ਪੇਅ ਸਕੇਲ ਲਾਗੂ ਹੋ ਚੁੱਕਿਆ ਹੈ। ਪੰਜਾਬ ਦੇ ਬਾਕੀ ਮੁਲਾਜ਼ਮਾਂ ਦਾ ਵੀ ਪੇਅ ਸਕੇਲ ਨੋਟੀਫਾਈਡ ਕਰ ਦਿੱਤਾ ਗਿਆ ਹੈ ਪਰ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਮੁਲਾਜ਼ਮਾਂ ਦਾ ਪੇਅ ਸਕੇਲ ਲਾਗੂ ਨਹੀਂ ਕੀਤਾ ਗਿਆ। ਇਸ ਵਿਤਕਰੇ ਲਈ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਮੁਲਾਜ਼ਮਾਂ ਦਾ ਪੇਅ ਸਕੇਲ ਯੂਜੀਸੀ ਤੋਂ ਡੀ-ਲਿੰਕ ਕਰਨ ’ਤੇ ਤੁਰੀ ਹੋਈ ਹੈ, ਜਿਸ ਨਾਲ ਪੰਜਾਬ ਦੀ ਉੱਚ ਸਿੱਖਿਆ, ਰਾਸ਼ਟਰੀ ਸਿੱਖਿਆ ਤੋਂ ਵੱਖ ਹੋ ਜਾਏਗੀ ਤੇ ਕੇਂਦਰ ਤੋਂ ਮਿਲਣ ਵਾਲੀ ਮਾਲੀ ਸਹਾਇਤਾ ਵੀ ਬੰਦ ਹੋ ਜਾਏਗੀ। ਇਹ ਫ਼ੈਸਲਾ ਪੰਜਾਬ ਦੀ ਉੱਚ ਸਿੱਖਿਆ ਨੂੰ ਡੋਬਣ ਵਾਲਾ ਸਿੱਧ ਹੋਏਗਾ।
ਜਰਨਲ ਸਕੱਤਰ ਡਾ. ਸੁਖਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਜਥੇਬੰਦੀ ਇਨ੍ਹਾਂ ਕੋਝੀਆਂ ਚਾਲਾਂ ਨੂੰ ਚੱਲਣ ਨਹੀਂ ਦੇਵੇਗੀ। ਉਨ੍ਹਾਂ ਵੱਲੋਂ ਪ੍ਰੋਫੈਸਰਾਂ ਦੇ ਹੱਕਾਂ ਤੇ ਪੰਜਾਬ ਦੀ ਸਿੱਖਿਆ ਨੂੰ ਬਚਾਉਣ ਲਈ ਸੜਕਾਂ ’ਤੇ ਆ ਕੇ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 16 ਨਵੰਬਰ ਨੂੰ ਪੰਜਾਬ ਦੇ ਸਾਰੇ ਪ੍ਰੋਫ਼ੇਸਰ ਆਪੋ-ਆਪਣੇ ਇਲਾਕੇ ਵਿੱਚ ਪੰਜਾਬ ਦੇ ਮੰਤਰੀਆਂ ਦੇ ਘਰਾਂ ਦੇ ਬਾਹਰ ਧਰਨਾ ਦੇਣਗੇ। ਇਸੇ ਤਰ੍ਹਾਂ 23 ਨਵੰਬਰ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਤੇ ਪ੍ਰੋਫ਼ੇਸਰ ਆਪਣੀਆਂ ਗ੍ਰਿਫਤਾਰੀਆਂ ਦੇਣਗੇ।