ਨਿੱਜੀ ਪੱਤਰ ਪ੍ਰੇਰਕ
ਖੰਨਾ, 8 ਜੁਲਾਈ
ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂਆਂ ਪ੍ਰਗਟ ਸਿੰਘ ਕੋਟ ਪਨੈਚ ਅਤੇ ਰਾਜਿੰਦਰ ਸਿੰਘ ਨੇ ਕਿਹਾ ਕਿ ਜਥੇਬੰਦੀ ਕਿਸਾਨੀ ਮਸਲਿਆਂ ਅਤੇ ਹੋਰ ਸਮਾਜਿਕ ਮੁੱਦੇ ਹੱਲ ਕਰਵਾਉਣ ਲਈ 5 ਅਗਸਤ ਨੂੰ ਮੁਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਵੱਡਾ ਇਕੱਠ ਕਰਕੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਨੋਟਿਸ ਦੇਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦਾ ਮੁੱਦਾ ਹੌਂਦ ਦਾ ਸਵਾਲ ਹਨ ਕਿਉਂਕਿ ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ, ਇਸ ਲਈ ਪੰਜਾਬ ਸਰਕਾਰ ਤੋਂ ਖੇਤੀ ਸੈਕਟਰ ਲਈ ਨਹਿਰੀ ਪਾਣੀ ਦੇਣਾ ਯਕੀਨੀ ਬਣਾਉਣ ਦੀ ਮੰਗ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਇਹ ਮੰਗ ਪੂਰੀ ਨਾ ਹੋਣ ’ਤੇ ਸੰਘਰਸ਼ ਵਿੱਢਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਕੇਂਦਰ ਤੋਂ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਦਖ਼ਲ ਦੇਣਾ ਬੰਦ ਕਰਨ ਲਈ ਇੱਕ ਮਹੀਨੇ ਦਾ ਨੋਟਿਸ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਆਪਸੀ ਸਹਿਮਤੀ ਨਾਲ ਰਾਜਸਥਾਨ ਨੂੰ ਜਾਂਦੇ ਪੰਜਾਬ ਦੇ ਪਾਣੀਆਂ ਦੀ ਕੀਮਤ ਤੈਅ ਕਰੇ, ਸਰਕਾਰਾਂ ਤੇ ਸਬੰਧਤ ਵਿਭਾਗ ਦੀ ਲਾਪਰਵਾਹੀ ਦੇ ਸਿੱਟੇ ਵਜੋਂ ਪਾਕਿਸਤਾਨ ਨੂੰ ਜਾਂਦੇ ਪਾਣੀਆਂ ਬਾਬਤ ਵੀ ਯੋਗ ਫ਼ੈਸਲਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਪਾਣੀ ਬਚਾਓ ਮੁਹਿੰਮ ਤਹਿਤ 10 ਤੋਂ 31 ਜੁਲਾਈ ਤੱਕ ਵੱਡੇ ਪੱਧਰ ’ਤੇ ਬੂਟੇ ਲਗਾਏ ਜਾਣਗੇ। ਇਸ ਮੌਕੇ ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਵੰਤ ਸਿੰਘ, ਅਜਮੇਰ ਸਿੰਘ, ਹਰਪਾਲ ਸਿੰਘ, ਬਹਾਲ ਸਿੰਘ ਨਾਗਰਾ ਹਾਜ਼ਰ ਸਨ।