ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਦੀ ਟੀਮ ਵੱਲੋਂ ਜਲਾਲਦੀਵਾਲ ਤੇ ਲੋਹਟਬੱਦੀ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਾਂਝੀਆਂ ਮੀਟਿੰਗਾਂ ਮਗਰੋਂ ਇਲਾਕੇ ਦੀਆਂ ਅਨਾਜ ਮੰਡੀਆਂ ਵਿਚ ਕੌਮਾਂਤਰੀ ਮਈ ਦਿਵਸ ਮੌਕੇ ਝੰਡੇ ਲਹਿਰਾਉਣ ਦੇ ਨਾਲ ਨਾਲ ਤੇ ਗੁਰੂ ਤੇਗ਼ ਬਹਾਦਰ ਦਾ ਪੁਰਬ ਮਨਾਉਣ ਦਾ ਵੀ ਐਲਾਨ ਕੀਤਾ। ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਨੂਰਪੁਰਾ ਅਤੇ ਚਰਨ ਸਿੰਘ ਨੂਰਪੁਰਾ ਨੇ ਦੱਸਿਆ ਕਿ ਸ਼ਿਕਾਗੋ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਅਕੀਦਤ ਪੇਸ਼ ਕਰਨ ਲਈ ਅਨਾਜ ਮੰਡੀਆਂ ਵਿਚ ਲਾਲ ਝੰਡੇ ਲਹਿਰਾਏ ਜਾਣਗੇ। ਚਰਨ ਸਿੰਘ ਕਲਸੀਆਂ, ਰਣਜੀਤ ਸਿੰਘ, ਸੁਖਜੀਤ ਸਿੰਘ ਲੋਹਟਬੱਦੀ, ਮਨਜੀਤ ਸਿੰਘ, ਅਜੀਤ ਸਿੰਘ ਪ੍ਰਧਾਨ, ਲਖਵਿੰਦਰ ਸਿੰਘ ਜੌਹਲ ਅਤੇ ਸੁਖਜੀਵਨ ਸਿੰਘ ਜਲਾਲਦੀਵਾਲ ਸਮੇਤ ਕਿਸਾਨ ਅਤੇ ਮਜ਼ਦੂਰ ਆਗੂਆਂ ਨੇ ਮੰਡੀਆਂ ਦਾ ਦੌਰਾ ਕਰਨ ਬਾਅਦ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਹਟਬੱਦੀ ਅਤੇ ਜਲਾਲਦੀਵਾਲ ਤੋਂ ਇਲਾਵਾ ਹੋਰ ਅਨਾਜ ਮੰਡੀਆਂ ਵਿਚ ਝੰਡੇ ਲਹਿਰਾਉਣ ਬਾਅਦ ਲੁਧਿਆਣਾ ਵਿਚ ਐੱਮਬੀਡੀ ਮਾਲ ਸਾਹਮਣੇ ਪੱਕੇ ਮੋਰਚੇ ਉੱਪਰ ਕਿਸਾਨ ਅਤੇ ਮਜ਼ਦੂਰ ਮਿਲ ਕੇ ਮਈ ਦਿਵਸ ਅਤੇ ਗੁਰੂ ਤੇਗ਼ ਬਹਾਦਰ ਦਾ ਪ੍ਰਕਾਸ਼ ਪੁਰਬ ਮਨਾਉਣਗੇ।