ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਨਵੰਬਰ
ਰੂਸੀ ਇਨਕਲਾਬ ਦੀ 104ਵੀਂ ਵਰੇਗੰਢ ’ਤੇ ਸਥਾਨਕ ਰੇਲ ਪਾਰਕ ਵਿਖੇ ਅੱਜ ਧਰਨਾਕਾਰੀਆਂ ਨੇ ਕਿਰਤੀ ਵਰਗ ਦੇ ਮਸੀਹਾ ਕਾਮਰੇਡ ਲੈਨਿਨ ਨੂੰ ਯਾਦ ਕੀਤਾ। ਲੋਕ ਆਗੂ ਕੰਵਲਜੀਤ ਖੰਨਾ ਨੇ ਦੱਸਿਆ ਕਿ ਸੰਸਾਰ ਦੀ ਸਮੁੱਚੀ ਪੈਦਾਵਾਰ, ਸੰਦ ਸਾਧਨਾਂ, ਧਨ ਦੌਲਤ ’ਤੇ ਜਦੋਂ ਚੰਦ ਲੋਕਾਂ ਦਾ ਕਬਜ਼ਾ ਹੋਵੇਗਾ ਤਾਂ ਬਹੁਗਿਣਤੀ ਲੋਕਾਂ ਕੋਲ ਇਨਕਲਾਬ ਤੋਂ ਬਿਨਾਂ ਹੋਰ ਕਈ ਰਸਤਾ ਨਹੀਂ ਬਚੇਗਾ। ਕਿਸਾਨ ਆਗੂ ਦਰਸ਼ਨ ਸਿੰਘ ਗਾਲਬਿ, ਜਗਤਾਰ ਸਿੰਘ ਮਲਕ, ਧਰਮ ਸਿੰਘ ਸੂਜਾਪੁਰ, ਹਰਭਜਨ ਸਿੰਘ ਦੌਧਰ ਨੇ ਸੰਬੋਧਨ ਕਰਦਿਆਂ ਕਿਹਾ ਕਿ 17 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਸਾਰੇ ਬਲਾਕਾਂ ’ਚ ਸ਼ਹੀਦੀ ਮਾਰਚ ਕੱਢੇ ਜਾਣਗੇ ਜਿਨ੍ਹਾਂ ਦੀ ਸਮਾਪਤੀ ’ਤੇ ਪਿੰਡ ਸਰਾਭਾ ਵਿਖੇ ਯਾਦਗਾਰ ’ਤੇ ਕਿਸਾਨ ਤੇ ਮਜ਼ਦੂਰ ਸ਼ਰਧਾਂਜਲੀ ਭੇਟ ਕਰਨਗੇ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਕਿਸਾਨ ਲਹਿਰ ਦੇ ਸ਼ਹੀਦ ਪਰਿਵਾਰਾਂ ਦੇ ਆਸ਼ਰਿਤਾਂ ਲਈ 5 ਲੱਖ ਰੁਪਏ ਦੀ ਸਰਕਾਰੀ ਸਹਾਇਤਾ ਅਤੇ ਸਰਕਾਰੀ ਨੌਕਰੀ ਦੀ ਮੰਗ ਪਹਿਲ ਦੇ ਆਧਾਰ ’ਤੇ ਪੂਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਅਨੇਕਾਂ ਪਰਿਵਾਰ ਲਗਾਤਾਰ ਉਡੀਕ ’ਚ ਪ੍ਰੇਸ਼ਾਨੀ ਝੱਲ ਰਹੇ ਹਨ। ਧਰਨੇ ’ਚ ਬੰਤਾ ਸਿੰਘ ਚਾਹਲ, ਜਗਰੂਪ ਸਿੰਘ ਡੱਲਾ, ਮਦਨ ਸਿੰਘ ਆਦਿ ਹਾਜ਼ਰ ਸਨ।
ਇਸੇ ਤਰ੍ਹਾਂ ਚੌਕੀਮਾਨ ਟੌਲ ’ਤੇ ਕਿਸਾਨ ਮੋਰਚੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਨੂੰ ਡੀਏਪੀ ਦੀ ਥੋੜ੍ਹੀ ਸਪਲਾਈ ਸ਼ੁਰੂ ਹੋਈ ਹੈ ਜਿਸ ਨੂੰ ਮੰਗ ਅਨੁਸਾਰ ਪੂਰੀ ਕੀਤਾ ਜਾਵੇ। ਐਡਵੋਕੇਟ ਐੱਨਕੇ ਛਿੱਬਰ, ਆਤਮਾ ਸਿੰਘ ਬੋਪਾਰਾਏ, ਚਰਨ ਸਿੰਘ ਸਰਾਭਾ, ਜਸਦੇਵ ਸਿੰਘ ਲਲਤੋਂ, ਅਵਤਾਰ ਸਿੰਘ ਰਸੂਲਪੁਰ, ਸਤਨਾਮ ਸਿੰਘ ਮੋਰਕਰੀਮਾ, ਰਣਜੀਤ ਸਿੰਘ ਗੁੜੇ, ਕੈਪਟਨ ਕੁਲਰਾਜ ਸਿੰਘ ਸਿੱਧਵਾਂ ਆਦਿ ਨੇ ਕਿਹਾ ਕਿ ਸਰਕਾਰਾਂ ਵੋਟਾਂ ਦੇ ਚੱਕਰ ’ਚ ਜਨਤਾ ਨੂੰ ਥੋੜ੍ਹੀਆਂ ਤੇ ਵਕਤੀ ਰਾਹਤਾਂ ਦਾ ਐਲਾਨ ਕਰ ਰਹੀ ਹੈ।
ਕਿਸਾਨ ਮੋਰਚੇ ’ਤੇ ਸ਼ਰਧਾਂਜਲੀ ਸਮਾਗਮ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਦਿੱਲੀ ਦੇ ਟਿਕਰੀ ਬਾਰਡਰ ’ਤੇ ਸ਼ਹੀਦ ਹੋਈਆਂ ਭੈਣਾਂ ਸੁਖਵਿੰਦਰ ਕੌਰ, ਅਮਰਜੀਤ ਕੌਰ ਅਤੇ ਗੁਰਮੇਲ ਕੌਰ ਦੀ ਯਾਦ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ਰਧਾਂਜਲੀ ਸਮਾਗਮ ਐਮਬੀਡੀ ਮਾਲ ਬਾਹਰ ਦਿੱਤੇ ਜਾ ਰਹੇ ਪੱਕੇ ਕਿਸਾਨ ਮੋਰਚੇ ’ਤੇ ਕੀਤਾ ਗਿਆ ਜਿਸ ਵਿੱਚ ਮੋਰਚਾ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਕਰਦਿਆਂ ਆਗੂਆਂ ਅਤੇ ਵਰਕਰਾਂ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋ ਸਿੱਖਿਆ ਲੈ ਕੇ ਦ੍ਰਿੜ ਇਰਾਦੇ ਨਾਲ ਚੱਲਦੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਦਾ ਪ੍ਰਣ ਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ ਅਤੇ ਸ਼ਹੀਦਾਂ ਦਾ ਡੁੱਲਿਆ ਖੂਨ ਵਿਅਰਥ ਨਹੀਂ ਜਾਵੇਗਾ ਸਗੋਂ ਲੋਕ ਪੱਖੀ ਸਮਾਜ ਦੀ ਉਸਾਰੀ ਕਰਦਿਆਂ ਮੋਰਚੇ ਨੂੰ ਸਫਲ ਕਰੇਗਾ। ਇਸ ਮੌਕੇ ਜ਼ਿਲ੍ਹਾ ਲੁਧਿਆਣਾ ਦੇ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਮਾ ਚਰਨ ਸਿੰਘ ਨੂਰਪੁਰਾ, ਜ਼ਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ, ਜੱਗਾ ਸਿੰਘ ਥਰੀਕੇ, ਭਰਪੂਰ ਸਿੰਘ, ਮਨਜੀਤ ਸਿੰਘ ਬੁਢੇਲ, ਨਿਰਮਲ ਸਿੰਘ ਉਤਰਾਖੰਡ, ਕਸਤੂਰੀ ਲਾਲ, ਜੋਗਿੰਦਰ ਆਜਾਦ, ਤੀਰਥ ਸਿੰਘ ਤਲਵੰਡੀ ਅਤੇ ਕਰਮਜੀਤ ਸਿੰਘ ਨੇ ਵੀ ਸ਼ਰਧਾਂਜਲੀ ਭੇਂਟ ਕੀਤੀ।ਉਨ੍ਹਾਂ ਕਿਹਾ ਕਿ ਜਦ ਤਕ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤਕ ਿਕਸਾਨਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ।