ਸੰਤੋਖ ਗਿੱਲ
ਗੁਰੂਸਰ ਸੁਧਾਰ, 1 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਕਮੇਟੀ ਵੱਲੋਂ ਭਾਰਤਮਾਲਾ ਪ੍ਰਾਜੈਕਟ ਤਹਿਤ ਜਬਰੀ ਜ਼ਮੀਨਾਂ ਐਕੁਆਇਰ ਕਰਨ ਵਿਰੁੱਧ ਅੱਜ 6ਵੇਂ ਦਿਨ ਵੀ ਪਿੰਡ ਕੋਟ-ਆਗਾ ਵਿਚ ਪੱਕਾ ਮੋਰਚਾ ਜਾਰੀ ਰਿਹਾ।
ਅੱਜ ਦੇ ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਪ੍ਰਧਾਨ ਬਿੱਕਰਜੀਤ ਸਿੰਘ ਕਾਲਖ, ਪਰਮਜੀਤ ਸਿੰਘ ਕੋਟ-ਆਗਾ, ਸੰਗਠਨ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਸਤਨਾਮ ਸਿੰਘ ਮਾਣਕ ਮਾਜਰਾ ਨੇ ਕਿਹਾ ਕਿ ਬਿਨਾ ਢੁੱਕਵਾਂ ਮੁਆਵਜ਼ਾ ਅਦਾ ਕੀਤੇ ਜ਼ਮੀਨਾਂ ਜਬਰੀ ਗ੍ਰਹਿਣ ਨਹੀਂ ਕਰਨ ਦਿੱਤੀਆਂ ਜਾਣਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕੌਡੀਆਂ ਦੇ ਭਾਅ ਕਿਸਾਨਾਂ ਤੋਂ ਜ਼ਮੀਨਾਂ ਖੋਹਣਾ ਚਾਹੁੰਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਪੂਰਾ ਮੁਆਵਜ਼ਾ ਮਿਲਣ ਤੱਕ ਮੋਰਚਾ ਜਾਰੀ ਰਹੇਗਾ।
ਕਿਸਾਨ ਆਗੂ ਰਾਜਿੰਦਰ ਸਿੰਘ ਸਿਆੜ੍ਹ, ਕੁਲਦੀਪ ਸਿੰਘ ਗੁੱਜਰਵਾਲ ਬਲਾਕ ਪ੍ਰਧਾਨ, ਮਨੋਹਰ ਸਿੰਘ ਕਲਾੜ੍ਹ ਅਤੇ ਰਾਜਪਾਲ ਸਿੰਘ ਦੁਧਾਲ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧੱਕੇ ਨਾਲ ਜ਼ਮੀਨਾਂ ਖੋਹਣ ਕਾਰਨ ਲੋਕਾਂ ਦਾ ਰੋਹ ਵਧਦਾ ਜਾ ਰਿਹਾ ਹੈ। ਉਨ੍ਹਾਂ ਦੋਫਾੜ ਹੋਈਆਂ ਜ਼ਮੀਨਾਂ ਲਈ ਰਸਤਾ ਅਤੇ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਫ਼ਸਲੀ ਚੱਕਰ ਵਿੱਚੋਂ ਬਾਹਰ ਕੱਢਣ ਲਈ ਕਿਸਾਨਾਂ ਅਤੇ ਮਜ਼ਦੂਰਾਂ ਲਈ ਵੱਡੀ ਰਾਹਤ ਰਕਮ ਰੱਖਣ ਦੀ ਮੰਗ ਕੀਤੀ ਅਤੇ ਖੇਤੀ ਲਈ ਬਜਟ ਨੂੰ ਨਿਗੂਣਾ ਦੱਸਿਆ।