ਪੱਤਰ ਪ੍ਰੇਰਕ
ਦੋਰਾਹਾ, 5 ਸਤੰਬਰ
ਇੱਥੇ ਅੱਜ ਮੋਲਡਰ ਐਂਟ ਸਟੀਲ ਵਰਕਰਜ਼ ਯੂਨੀਅਨ ਅਤੇ ਮਜ਼ਦੂਰ ਯੂਨੀਅਨ ਦੇ ਮੈਬਰਾਂ ਦੀ ਇੱਕਰਤਾ ਹਰਜਿੰਦਰ ਸਿੰਘ ਤੇ ਮਲਕੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਉਨ੍ਹਾਂ ਇਥੋਂ ਦੀ ਫਰੀਮੈਨਸ ਕੰਪਨੀ ਪ੍ਰਬੰਧਕਾਂ ਵੱਲੋਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਉਠਾਉਣ ਬਦਲੇ ਪਹਿਲਾਂ ਛੇ ਕਿਰਤੀਆਂ ਨੂੰ ਸਸਪੈਂਡ ਕਰਨ, ਸਮੁੱਚੇ ਮਾਮਲੇ ਦੀ ਜਾਂਚ ਕਰਨ, ਸਸਪੈਂਡ ਕਿਰਤੀਆਂ ਨੂੰ ਬਿਨਾਂ ਸ਼ਰਤ ਬਹਾਲ ਕਰਨ ਅਤੇ ਕਾਨੂੰਨ ਮੁਤਾਬਿਕ ਤਨਖਾਹਾਂ, ਸਲਾਨਾ ਬੌਨਸ ਤੇ ਛੁੱਟੀਆਂ ਆਦਿ ਸਹੂਲਤਾਂ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਦੋਵੇਂ ਜਥੇਬੰਦੀਆਂ ਦੇ ਆਗੂਆਂ ਨਾਲ ਬੀਤੇ ਦਿਨ ਹੋਈ ਮੀਟਿੰਗ ਵਿਚ ਸਬੰਧਤ ਕਿਰਤ ਵਿਭਾਗ ਦੇ ਅਧਿਕਾਰੀ ਰਮਨਜੀਤ ਨੇ ਦੋਵਾਂ ਪੱਖਾਂ ਦੀ ਗੱਲ ਸੁਣਨ ਮਗਰੋਂ 2018 ਤੋਂ ਹੁਣ ਤੱਕ ਬੌਨਸ ਭੁਗਤਾਨ, ਪ੍ਰਤੀ ਮਹੀਨਾ ਤਨਖਾਹ ਦੇਣ, ਕਿਰਤੀਆਂ ਦੀ ਨਾਜਾਇਜ਼ ਕੱਟੀ ਤਨਖਾਹ, ਨੌਕਰੀ ਤੋਂ ਕੱਢਣ ਦਾ ਕਾਰਨ ਦੱਸੋ ਨੋਟਿਸ ਆਦਿ ਲਿਆਉਣ ਲਈ ਅਗਲੀ ਤਾਰੀਖ 20 ਸਤੰਬਰ ਤੈਅ ਕੀਤੀ ਹੈ।