ਪੱਤਰ ਪ੍ਰੇਰਕ
ਪਾਇਲ, 4 ਅਕਤੂਬਰ
ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦੀ ਅੱਜ ਪਿੰਡ ਰੋੜੀਆਂ ਵਿੱਚ ਸੱਤਵੀਂ ਬਰਸੀ ਮਨਾਈ ਗਈ। ਪਿੰਡ ਰੋੜੀਆਂ ਦੇ ਗੁਰਚਰਨ ਸਿੰਘ ਅਤੇ ਮਾਤਾ ਬਲਜਿੰਦਰ ਕੌਰ ਦੇ ਪੁੱਤਰ 6 ਸਿੱਖ ਰਾਸ਼ਟਰੀ ਰਾਇਫਲਜ਼ ਬਟਾਲੀਅਨ ਦੇ ਯੋਧੇ ਸਿਪਾਹੀ ਸੁਰਿੰਦਰ ਸਿੰਘ ਗੋਲਡੀ ਕਸ਼ਮੀਰ ਘਾਟੀ ਦੇ ਕੁੱਪਵਾੜਾ ਜ਼ਿਲ੍ਹੇ ਦੇ ਜੰਗਲੀ ਖੇਤਰ ਹੰਦਵਾੜਾ ਵਿੱਚ ਅਤਿਵਾਦੀਆਂ ਦਾ ਟਾਕਰਾ ਕਰਦੇ ਹੋਏ 4 ਅਕਤੂਬਰ 2015 ਨੂੰ ਸ਼ਹੀਦ ਹੋ ਗਿਆ ਸੀ। ਬਰਸੀ ਮੌਕੇ ਅੱਜ ਸੂਬੇਦਾਰ ਸੁਰਜੀਤ ਸਿੰਘ ਵੱਲੋਂ ਸ਼ਹੀਦ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਅਖੰਡ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਰੋੜੀਆਂ ਵਿੱਚ ਕਰਵਾਏ ਸਮਾਗਮ ਦੌਰਾਨ ਬਾਬਾ ਸੁਖਦੇਵ ਸਿੰਘ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਾਈ ਰਜਿੰਦਰ ਸਿੰਘ ਵੱਲੋਂ ਸ਼ਹੀਦ ਦੇ ਪਿਤਾ ਗੁਰਚਰਨ ਸਿੰਘ, ਮਾਤਾ ਬਲਜਿੰਦਰ ਕੌਰ ਦਾ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਬਾਬਰਪੁਰ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਰਛਪਾਲ ਸਿੰਘ ਪਾਲਾ ਕੌਂਸਲਰ, ਰਛਪਾਲ ਸਿੰਘ ਪੋਲਾ, ਕੌਂਸਲਰ ਗੁਰਜੰਟ ਸਿੰਘ ਬਿੱਲੂ, ਬਸਪਾ ਪ੍ਰਧਾਨ ਕੁਲਜਿੰਦਰ ਸਿੰਘ ਲਹਿਲ ਹਾਜ਼ਰ ਸਨ।