ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਅਕਤੂਬਰ
ਭਾਜਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਣੇ ਅਨਿਲ ਜੋਸ਼ੀ ਅੱਜ ਖੰਨਾ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਨਿਲ ਦੱਤ ਫੱਲੀ ਦੇ ਗ੍ਰਹਿ ਪੁੱਜੇ। ਇਸ ਮੌਕੇ ਸ੍ਰੀ ਜੋਸ਼ੀ ਨੇ ਕਿਸਾਨ ਸੰਗਠਨਾਂ ’ਤੇ ਵਾਰ ਕੀਤਾ ਅਤੇ ਕਿਹਾ ਕਿ ਰੋਜ਼ ਰੋਜ਼ ਬੰਦ ਅਤੇ ਜਾਮ ਨਾਲ ਕਿਸਾਨ ਅੰਦੋਲਨ ਆਪਣਾ ਆਧਾਰ ਗਵਾ ਦੇਵੇਗਾ। ਜ਼ਿਕਰਯੋਗ ਹੈ ਕਿ ਅਨਿਲ ਜੋਸ਼ੀ ਨੇ ਕਿਸਾਨੀ ਮੁੱਦੇ ’ਤੇ ਭਾਜਪਾ ਖ਼ਿਲਾਫ਼ ਖੁੱਲ੍ਹ ਕੇ ਬਿਆਨਬਾਜ਼ੀ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਪੰਜਾਬ ਦੇ ਲੋਕਾਂ ਨੇ ਸਫ਼ਲ ਬਣਾਇਆ ਜੇ ਇਸੇ ਤਰ੍ਹਾਂ ਰੋਜ਼ਾਨਾ ਸੜਕ ਅਤੇ ਰੇਲ ਜਾਮ ਹੁੰਦੇ ਰਹਿਣਗੇ ਤਾਂ ਲੋਕ ਸਾਥ ਦੇਣਾ ਬੰਦ ਕਰ ਦੇਣਗੇ, ਕਿਉਂਕਿ ਇਸ ਨਾਲ ਲੋਕਾਂ ਦੇ ਵਪਾਰ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਦਿੱਲੀ ਵਿੱਚ ਨਿਹੰਗਾਂ ਵੱਲੋਂ ਲਖਬੀਰ ਸਿੰਘ ਦੀ ਹੱਤਿਆ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਮਾਜ ਤੇ ਕੋਈ ਵੀ ਧਰਮ ਅਜਿਹੇ ਅਪਰਾਧ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕੇਂਦਰ ਤੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਫੱਲੀ ਜਲਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਣਗੇ।