ਗੁਰਿੰਦਰ ਸਿੰਘ
ਲੁਧਿਆਣਾ, 23 ਜੂਨ
ਵੱਖ-ਵੱਖ ਇਨਸਾਫ਼ ਪਸੰਦ ਧਾਰਮਿਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਬਿਲ-ਬਰਗਾੜੀ ਮਾਮਲਿਆਂ ਦੇ ਦੋਸ਼ੀਆਂ ਖ਼ਿਲਾਫ਼ 1 ਜੁਲਾਈ 2021 ਤੱਕ ਕੋਈ ਠੋਸ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਅਤੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀਆਂ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ। ਵੱਖ ਵੱਖ ਜਥੇਬੰਦੀਆਂ ਵੱਲੋਂ 21 ਜੂਨ ਨੂੰ ਖੰਨਾ ਤੋਂ ਸ਼ੁਰੂ ਕੀਤੇ ਤਿੰਨ ਰੋਜ਼ਾ ਇਨਸਾਫ਼ ਮਾਰਚ ਦੇ ਆਗੂਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੰਦੀਪ ਸਿੰਘ ਰੁਪਾਲੋਂ, ਆਰਐੱਸਪੀ ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ, ਲੋਕ ਇਨਸਾਫ ਪਾਰਟੀ ਦੇ ਹਲਕਾ ਖੰਨਾ ਦੇ ਇੰਚਾਰਜ ਸਰਬਜੀਤ ਸਿੰਘ ਕੰਗ ਅਤੇ ਪੰਥਕ ਅਕਾਲੀ ਲਹਿਰ ਦੇ ਆਗੂ ਲਖਵੰਤ ਸਿੰਘ ਦਬੁਰਜੀ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਪੰਜਾਬ ਸਰਕਾਰ ਲਈ ਮੰਗ ਪੱਤਰ ਦੇਣ ਸਮੇਂ ਕਿਹਾ ਹੈ ਕਿ ਸਰਕਾਰਾਂ ਵੱਲੋਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਕਈ ਕਮਿਸ਼ਨ ਅਤੇ ਸਿੱਟ ਬਣਾਈਆ ਗਈਆਂ ਹਨ ਪਰ ਹੁਣ ਤੱਕ ਇਨਸਾਫ਼ ਨਹੀਂ ਮਿਲਿਆ ਬਲਕਿ ਦੋਸ਼ੀਆਂ ਨੂੰ ਬਚਾਉਣ ਲਈ ਸਰਕਾਰਾਂ ਵੱਲੋ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹਰ ਸਿੱਖ ਚਾਹੁੰਦਾ ਹੈ ਕਿ ਬੇਅਦਬੀ ਦਾ ਇਨਸਾਫ਼ ਮਿਲੇ। ਇਸ ਮੌਕੇ ਲੋਕ ਚੇਤਨਾ ਲਹਿਰ ਦੇ ਆਗੂ ਚੌਧਰੀ ਚਰਨ ਦਾਸ ਤਲਵੰਡੀ, ਅਮਰਜੀਤ ਸਿੰਘ ਬਾਲਿਓ, ਬੀਬੀ ਉਰਵਿੰਦਰ ਕੌਰ ਗਰੇਵਾਲ, ਨਤਿਆ ਨੰਦ ਸ਼ਰਮਾ, ਸੰਦੀਪ ਸਿੰਘ ਭੌਜੇਮਾਜਰੀ, ਜੱਥੇਦਾਰ ਹਰਚੰਦ ਸਿੰਘ ਰਤਨਹੇੜੀ, ਜਗਵੀਰ ਸਿੰਘ ਨਾਗਰਾ, ਬੇਅੰਤ ਸਿੰਘ ਭੁੱਮਦੀ, ਲਵਪ੍ਰੀਤ ਸਿੰਘ ਇਕੋਲਾਹਾ, ਦਵਿੰਦਰ ਕੌਰ ਇਕੋਲਾਹਾ ਆਦਿ ਵੀ ਹਾਜ਼ਰ ਸਨ।