ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਸੰਗਰੂਰ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਸੂਬੇ ਭਰ ‘ਚੋਂ ਆਏ ਨੰਬਰਦਾਰਾਂ ’ਤੇ ਮੜ੍ਹੇ ਪੁਲੀਸ ਕੇਸ ਦੀ ਨਿਖੇਧੀ ਕਰਦਿਆਂ ਪਰਚਾ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਪੈਂਤੀ ਹਜ਼ਾਰ ਦੇ ਕਰੀਬ ਨੰਬਰਦਾਰ ਪੇਂਡੂ ਭਾਈਚਾਰੇ ਦੇ ਸਨਮਾਨਯੋਗ ਅੰਗ ਹਨ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਸਮਾਜ ਦੇ ਸਾਰੇ ਹੀ ਤਬਕੇ ਹਰ ਰੋਜ਼ ਅਪਣੀਆਂ ਮੰਗਾਂ ’ਤੇ ਜ਼ੋਰ ਦੇਣ ਲਈ ਰੋਸ ਪ੍ਰਗਟ ਕਰ ਰਹੇ ਹਨ, ਮਜਬੂਰੀਵੱਸ ਸੜਕਾਂ ਜਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੇ ਰਾਜ ’ਚ ਹੀ ਅਖਬਾਰੀ ਰਿਪੋਰਟਾਂ ਮੁਤਾਬਿਕ ਹੁਣ ਤਕ 309 ਵਾਰ ਵੱਖ ਵੱਖ ਤਬਕਿਆਂ ਨੇ ਸੜਕਾਂ ਜਾਮ ਕੀਤੀਆਂ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਨੰਬਰਦਾਰ ਯੂਨੀਅਨ ਦੇ ਆਗੂਆਂ ਖ਼ਿਲਾਫ਼ ਸੰਗਰੂਰ ਦੇ ਪੁਲੀਸ ਥਾਣੇ ਵਿੱਚ ਦਰਜ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਅਫਸੋਸ ਜ਼ਾਹਰ ਕੀਤਾ ਕਿ ਆਮ ਆਦਮੀ ਦੇ ਨਾਂ ’ਤੇ ਬਣੀ ਸਰਕਾਰ ਆਮ ਵਿਅਕਤੀ ’ਤੇ ਹੀ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪਰਚੇ ਸੰਘਰਸ਼ਸ਼ੀਲ ਲੋਕਾਂ ਦੇ ਹੌਂਸਲੇ ਪਸਤ ਨਹੀਂ ਕਰ ਸਕਣਗੇ।