ਪੱਤਰ ਪ੍ਰੇਰਕ
ਸਮਰਾਲਾ, 13 ਜਨਵਰੀ
ਇਥੇ ਨਨਕਾਣਾ ਸਾਹਿਬ ਪਬਲਿਕ ਸਕੂਲ ਵਿੱਚ ਲੋਹੜੀ ਦਾ ਤਿਓਹਾਰ ਧੂਮਧਾਮ ਅਤੇ ਰਵਾਇਤੀ ਪਰੰਪਰਾ ਅਨੁਸਾਰ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਦਿਆਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਐਡੀਸ਼ਨਲ ਸਕੱਤਰ ਇੰਦਰਜੀਤ ਸਿੰਘ ਲੋਪੋਂ ਨੇ ਆਖਿਆ ਕਿ, ਭਾਈਚਾਰਕ ਸਾਂਝ ਅਤੇ ਪਰਿਵਾਰਾਂ ਦੀਆਂ ਖੁਸ਼ੀਆਂ-ਖੇੜਿਆ ਦਾ ਪ੍ਰਤੀਕ ਲੋਹੜੀ ਦਾ ਤਿਓਹਾਰ ਪੰਜਾਬੀ ਵਿਰਸੇ ਦੀ ਪਛਾਣ ਹੈ। ਸਕੂਲ ਦੀ ਪ੍ਰਿੰਸੀਪਲ ਰੇਵਾ ਟੰਡਨ ਦੀ ਅਗਵਾਈ ਵਿੱਚ ਸਮੂਹ ਸਟਾਫ਼ ਵੱਲੋਂ ਸਕੂਲ ਦੇ ਵਿਹੜੇ ਵਿੱਚ ਲੋਹੜੀ ਬਾਲੀ ਗਈ, ਸਮੂਹ ਵਿਦਿਆਰਥੀਆਂ ਨੇ ਆਨਲਾਈਨ ਲੋਹੜੀ ਸਮਾਗਮ ਵਿੱਚ ਸ਼ਿਰਕਤ ਕੀਤੀ। ਲੋਹੜੀ ਮੌਕੇ ਆਲਸ ਅਤੇ ਦਲਿੱਦਰ ਤੋਂ ਮੁਕਤੀ ਪਾਉਣ ਲਈ ਸਖ਼ਤ ਮਿਹਨਤ ਦਾ ਸੱਦਾ ਦਿੱਤਾ ਗਿਆ। ਮੁੰਗਫ਼ਲੀ ਅਤੇ ਰਿਊੜੀਆਂ ਵੰਡਦੇ ਹੋਏ ਬੱਚਿਆਂ ਨੂੰ ਚੀਨੀ ਡੋਰ ਦੇ ਮੁਕੰਮਲ ਬਾਈਕਾਟ ਸਮੇਤ ਕਰੋਨਾ ਤੋਂ ਬਚਣ ਲਈ ਸਾਵਧਾਨ ਰਹਿਣ ਲਈ ਪ੍ਰੇਰਿਆ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਡੀਏਵੀ ਸਕੂਲ ਵਿੱਚ ਅੱਜ ਲੋਹੜੀ ਚਾਅ ਅਤੇ ਉਤਸ਼ਾਹ ਨਾਲ ਮਨਾਈ ਗਈ। ਪ੍ਰਿੰਸੀਪਲ ਬ੍ਰਿਜ ਮੋਹਨ ਬੱਬਰ ਨੇ ਇਸ ਤਿਉਹਾਰ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਕੂਲ ਦੇ ਅਧਿਆਪਕ ਤੇ ਹੋਰ ਸਟਾਫ਼ ਵੀ ਮੌਜੂਦ ਸੀ। ਸਭ ਨੇ ਮਿਲ ਕੇ ਪਹਿਲਾਂ ਲੋਹੜੀ ਸਬੰਧੀ ਗੀਤ ਗਾਏ ਅਤੇ ਫਿਰ ਸਾਰਿਆਂ ਨੂੰ ਮੂੰਗਫ਼ਲੀ ਤੇ ਰਿਉੜੀਆਂ ਵੰਡੀਆਂ ਗਈਆਂ।
ਮਾਛੀਵਾੜਾ (ਪੱਤਰ ਪ੍ਰੇਰਕ): ਸਥਾਨਕ ਕੁਹਾੜਾ ਰੋਡ ’ਤੇ ਸਥਿਤ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਵਿੱਚ ਅੱਜ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕਰੋਨਾ ਮਹਾਮਾਰੀ ਦੇ ਕਾਰਨ ਬੱਚਿਆਂ ਦੀ ਆਨਲਾਈਨ ਪੜ੍ਹਾਈ ਚੱਲ ਰਹੀ ਹੈ ਜਿਸ ਨੂੰ ਦੇਖਦਿਆਂ ਮੁੱਖ ਅਧਿਆਪਕ ਡਾ. ਹਰਪ੍ਰੀਤ ਕੌਰ ਨੇ ਸਟਾਫ਼ ਮੈਂਬਰਾਂ ਨਾਲ ਮਿਲ ਕੇ ਲੋਹੜੀ ਮਨਾਈ ਅਤੇ ਬੱਚਿਆਂ ਆਨਲਾਈਨ ਹੀ ਇਸ ਨਾਲ ਜੁੜੇ। ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਦਿਆਂ ਅਧਿਆਪਕਾਂ ਨੇ ਕਿਹਾ ਕਿ ਇਸ ਬਾਰੇ ਇੱਕ ਕਹਾਵਤ ਪ੍ਰਚੱਲਿਤ ਹੈ ‘ਈਸ਼ਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ’ ਭਾਵ ਲੋਹੜੀ ਦੇ ਤਿਉਹਾਰ ਤੋਂ ਬਾਅਦ ਠੰਢ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਬਸੰਤ ਰੁੱਤ ਦਾ ਆਗਮਨ ਹੋ ਜਾਂਦਾ ਹੈ।