ਗੁਰਿੰਦਰ ਸਿੰਘ
ਲੁਧਿਆਣਾ 11 ਅਕਤੂਬਰ
ਸਾਂਝਾ ਸੁਨਹਿਰਾ ਪੰਜਾਬ ਮੰਚ ਦੀ ਫਿਰੋਜ਼ਪੁਰ ਰੋਡ ’ਤੇ ਇਕ ਰਿਜ਼ੌਰਟ ਵਿੱਚ ਹੋਈ ਮੀਟਿੰਗ ਦੌਰਾਨ ਕਿਸਾਨਾਂ, ਸਾਬਕਾ ਸੈਨਿਕਾਂ, ਸਾਬਕਾ ਪ੍ਰਸ਼ਾਸਕੀ ਅਧਿਕਾਰੀਆਂ ਤੇ ਵੱਖ ਵੱਖ ਵਰਗਾਂ ਦੇ ਪ੍ਰਤੀਨਿਧਾਂ ਸਮੇਤ ਭਾਰੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਮੰਚ ਦੇ ਕਨਵੀਨਰ ਸਾਬਕਾ ਰਾਜਦੂਤ ਕੇ.ਸੀ. ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਸੱਤਾ ਪ੍ਰਾਪਤ ਕਰਨ ਲਈ ਹਮੇਸ਼ਾਂ ਹੀ ਪੰਜਾਬ ਦੀ ਜਨਤਾ ਨੂੰ ਰਿਆਇਤਾਂ ਦੇ ਲਾਲਚ ਦੇ ਕੇ ਵੋਟਾਂ ਬਟੋਰੀਆਂ ਹਨ ਪਰ ਪੰਜਾਬ ਦੇ ਅਸਲ ਮੁੱਦਿਆਂ ਵੱਲ ਕਿਸੇ ਵੀ ਪਾਰਟੀ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਖੁਸ਼ਹਾਲੀ ਲਈ ਰਵਾਇਤੀ ਪਾਰਟੀਆਂ ਦੀ ਥਾਂ ਸਹੀ ਸੋਚ ਵਾਲੇ ਲੋਕ ਪੱਖੀ ਲੋਕਾਂ ਨੂੰ ਰਾਜ ਸੱਤਾ ਵਿੱਚ ਭਾਈਵਾਲ ਬਣਾਉਣ। ਸਾਬਕਾ ਏਅਰ ਮਾਰਸ਼ਲ ਪੀਐੱਸ ਗਿੱਲ ਨੇ ਕਿਹਾ ਕਿ ਸਰਕਾਰੀ ਧਿਰ ਵੱਲੋਂ ਪੰਜਾਬ ਦੇ ਮੁੱਦਿਆਂ ਪ੍ਰਤੀ ਅਣਗਹਿਲੀ ਕਾਰਨ ਪੰਜਾਬ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੰਚ ਦੇ ਬੁਲਾਰੇ ਰੂਸੀ ਕੋਹਲੀ ਨੇ ਦੱਸਿਆ ਕਿ ਨਵੇਂ ਖੁਸ਼ਹਾਲ ਪੰਜਾਬ ਦੀ ਉਸਾਰੀ ਲਈ ਮੰਚ ਨੂੰ ਸਮਰਥਨ ਮਿਲ ਰਿਹਾ ਹੈ। ਡੀਆਰ ਭੱਟੀ, ਹਰਿਆਣਾ ਦੀ ਕਿਸਾਨ ਆਗੂ ਸੁਦੇਸ਼ ਗੋਇਲ, ਅਰਜਨਾ ਐਵਾਰਡੀ ਗੁਰਬੀਰ ਸਿੰਘ ਸੰਧੂ ਨੇ ਪੰਜਾਬੀ ਏਕਤਾ ਦੀ ਲੋੜ ਤੇ ਜ਼ੋਰ ਦਿੱਤਾ।