ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 2 ਜੂਨ
ਇੱਥੇ ਅੱਜ ਮੁਸਲਿਮ ਪਰਿਵਾਰ ਵੱਲੋਂ ਹਿੰਦੂ ਲੜਕੀ ਦਾ ਕੰਨਿਆ ਦਾਨ ਕੀਤਾ ਗਿਆ। ਨੇੜਲੇ ਪਿੰਡ ਭੱਟੀਆਂ ਵਿੱਚ ਹਿੰਦੂ ਲੜਕੀ ਪੂਜਾ ਜਿਸ ਦੇ ਮਾਤਾ-ਪਿਤਾ ਲੌਕਡਾਊਨ ਕਾਰਨ ਮੁਰਾਦਾਬਾਦ (ਯੂਪੀ) ਵਿਚ ਫਸ ਗਏ ਸਨ ਪਰ ਉਹ ਆਪ ਇੱਥੇ ਆਪਣੇ ਪਿਤਾ ਦੇ ਕਰੀਬੀ ਮੁਸਲਿਮ ਪਰਿਵਾਰ ਨਾਲ ਰਹਿ ਰਹੀ ਸੀ। ਹਿੰਦੂ ਲੜਕੀ ਪੂਜਾ ਦੀ ਮੰਗਣੀ ਨੇੜਲੇ ਪਿੰਡ ਸਾਹਨੇਵਾਲ ਦੇ ਨਿਵਾਸੀ ਸੁਦੇਸ਼ ਕੁਮਾਰ ਸੋਨੂੰ ਨਾਲ ਤੈਅ ਹੋਈ ਸੀ। ਇਸ ਦੌਰਾਨ ਲੜਕੀ ਦੇ ਪਿਤਾ ਵਰਿੰਦਰ ਨੇ ਭੱਟੀਆਂ ਵਿੱਚ ਰਹਿੰਦੇ ਕਰੀਬੀ ਮੁਸਲਿਮ ਪਰਿਵਾਰ ਦੇ ਮੁਖੀ ਸਾਜਿਦ ਅਤੇ ਉਸ ਦੀ ਪਤਨੀ ਸੋਨੀਆ ਨੂੰ ਆਪਣੀ ਲੜਕੀ ਦਾ ਕੰਨਿਆ ਦਾਨ ਕਰਕੇ ਵਿਦਾ ਕਰਨ ਦਾ ਫੈਸਲਾ ਲਿਆ। ਅੱਜ ਪਿੰਡ ਭੱਟੀਆਂ ਵਿੱਚ ਸਾਦੇ ਢੰਗ ਨਾਲ ਹਿੰਦੂ ਰੀਤੀ ਰਿਵਾਜਾਂ ਨਾਲ ਇਹ ਵਿਆਹ ਹੋਇਆ। ਮੁਸਲਿਮ ਪਰਿਵਾਰ ਸਾਜਿਦ ਤੇ ਸੋਨੀਆ ਨੇ ਪੂਜਾ ਦਾ ਕੰਨਿਆ ਦਾਨ ਕੀਤਾ ਅਤੇ ਹਿੰਦੂ ਧਰਮ ਦੀਆਂ ਸਾਰੀਆਂ ਰਸਮਾਂ ਨਿਭਾਈਆਂ। ਸਾਜਿਦ ਨੇ ਕਿਹਾ ਕਿ ਲੜਕੀ ਪੂਜਾ ਉਸ ਨੂੰ ਆਪਣਾ ਮਾਮਾ ਮੰਨਦੀ ਹੈ ਅਤੇ ਉਹ ਬੜਾ ਮਾਣ ਮਹਿਸੂਸ ਕਰ ਰਿਹਾ ਹੈ। ਪੂਜਾ ਨੇ ਵੀ ਕਿਹਾ ਕਿ ਬੇਸ਼ੱਕ ਇਸ ਵਿਆਹ ਸਮਾਗਮ ’ਚ ਉਸ ਦੇ ਮਾਪੇ ਸ਼ਾਮਲ ਨਹੀਂ ਹੋ ਸਕੇ ਪਰ ਉਸ ਦੇ ਮਾਮਾ-ਮਾਮੀ ਨੇ ਕੰਨਿਆ ਦਾਨ ਕਰ ਉਨ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ।