ਦੇਵਿੰਦਰ ਸਿੰਘ ਜੱਗੀ
ਪਾਇਲ, 14 ਸਤੰਬਰ
ਇੱਥੋਂ ਨੇੜਲੇ ਪਿੰਡ ਮਕਸੂਦੜਾ ਦੀ ਬਿਰਧ ਮਾਤਾ ਆਪਣੇ ਗੂੰਗੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਪਿਛਲੇ ਚਾਰ ਮਹੀਨਿਆਂ ਤੋਂ ਥਾਣਾ ਪਾਇਲ ਵਿੱਚ ਗੇੜੇ ਮਾਰ ਰਹੀ ਹੈ ਪਰ ਅਜੇ ਤੱਕ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਬਿਰਧ ਮਾਤਾ ਹਰਪਾਲ ਕੌਰ ਪਤਨੀ ਮਨਜੀਤ ਸਿੰਘ ਵਾਸੀ ਮਕਸੂਦੜਾ ਨੇ ਦੱਸਿਆ ਕਿ ਉਸ ਦੇ ਗੂੰਗੇ ਪੁੱਤਰ ਗੁਰਿੰਦਰਜੀਤ ਸਿੰਘ ਨੂੰ 26 ਜੂਨ ਦੇ ਦਿਨ ਪਾਇਲ ਨੇੜੇ ਇੱਕ ਮੋਟਰਸਾਈਕਲ ਪੀਬੀ 10 ਐਫਜੀ-3709 ਦੇ ਸ਼ਰਾਬੀ ਚਾਲਕ ਨੇ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਪੁੱਤਰ ਦੇ ਚਾਰ ਦੰਦ ਟੁੱਟ ਗਏ ਅਤੇ ਜਬਾੜਾ ਵੀ ਨੁਕਸਾਨਿਆ ਗਿਆ। ਪਰਿਵਾਰ ਦੀ ਆਰਥਿਕ ਹਾਲਤ ਮੰਦੀ ਹੋਣ ਕਾਰਨ ਉਨ੍ਹਾਂ ਆਪਣੇ ਪੁੱਤ ਦਾ ਸੀਐੱਮਸ ਲੁਧਿਆਣਾ ਤੋਂ ਇਲਾਜ ਕਰਵਾਇਆ। ਉਨ੍ਹਾਂ ਫੇਟ ਮਾਰਨ ਵਾਲੇ ਮੋਟਰਸਾਈਕਲ ਚਾਲਕ ਖ਼ਿਲਾਫ਼ ਕਾਰਵਾਈ ਲਈ ਥਾਣਾ ਪਾਇਲ ਵਿੱਚ ਸ਼ਿਕਾਇਤ ਦਰਜ ਕਰਵਾਈ ਪਰ ਵਾਰ-ਵਾਰ ਗੇੜੇ ਮਾਰਨ ਦੇ ਬਾਵਜੂਦ ਅਜੇ ਤੱਕ ਮੁਲਜ਼ਮ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਮਾਤਾ ਹਰਪਾਲ ਕੌਰ ਨੇ ਦੱਸਿਆ ਕਿ ਉਸ ਨੇ ਡੀਐੱਸਪੀ ਪਾਇਲ ਨੂੰ ਵੀ ਦਰਖਾਸਤ ਦਿੱਤੀ ਹੈ ਪਰ ਅਜੇ ਤੱਕ ਉਸ ਦੀ ਸੁਣਵਾਈ ਨਹੀਂ ਹੋਈ। ਉਨ੍ਹਾਂ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਮੋਟਰਸਾਈਕਲ ਚਾਲਕ ਖ਼ਿਲਾਫ਼ ਕਾਰਵਾਈ ਕਰਕੇ ਇਨਸਾਫ਼ ਦੇਣ ਦੀ ਅਪੀਲ ਕੀਤੀ।
ਮਾਮਲੇ ਸਬੰਧੀ ਸੰਪਰਕ ਕਰਨ ’ਤੇ ਡੀਐੱਸਪੀ ਪਾਇਲ ਹਰਸਿਮਰਤ ਸਿੰਘ ਸ਼ੇਤਰਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਹੁਣ ਇਹ ਮਾਮਲਾ ਆਇਆ ਹੈ ਅਤੇ ਜਲਦੀ ਹੀ ਮੁਲਜ਼ਮ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।