ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਿਕਲੀਗਰਾਂ ਤੇ ਵਣਜਾਰੇ ਸਿੱਖਾਂ ਦੇ ਬੱਚਿਆਂ ਨੂੰ ਆਧੁਨਿਕ ਵਿੱਦਿਆ ਦਿਵਾਉਣ ਲਈ ਇੱਕ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਵੱਖ-ਵੱਖ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੀ ਸਹਾਇਤਾ ਕਰਦਿਆਂ ਸਮੁੱਚੀ ਸਕੂਲੀ ਫੀਸ ਅਦਾ ਕੀਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਬਰ ਸਤਵਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਸਿੱਖ ਕੌਂਸਲ ਆਫ ਸਕਾਟਲੈਂਡ (ਇੰਡੀਆ ਚੈਪਟਰ) ਦੇ ਪ੍ਰਮੁੱਖ ਤਰਨਦੀਪ ਸਿੰਘ ਦੀ ਟੀਮ ਵੱਲੋਂ ਦਿੱਤੀ ਗਈ ਸਕੂਲੀ ਵਿਦਿਆਰਥੀਆਂ ਦੀ ਸੂਚੀ ਦੀ ਨਿਸ਼ਾਨਦੇਹੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਮੱਧ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸ਼ੈਸ਼ਨ 2019-20 ਵਿੱਚ ਵਿੱਦਿਆ ਪ੍ਰਾਪਤ ਕਰਨ ਵਾਲੇ ਲਗਪਗ 213 ਵਿਦਿਆਰਥੀਆਂ ਨੂੰ ਸਕੂਲੀ ਫੀਸ ਦੇ ਚੈੱਕ ਭੇਟ ਕੀਤੇ ਗਏ ਹਨ ਅਤੇ ਹਰ ਸਾਲ ਸਕੂਲਾਂ ਨੂੰ ਫੀਸਾਂ ਦੀ ਅਦਾਇਗੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਉਪਰਾਲੇ ਸਮੁੱਚੇ ਪੰਥ ਦੇ ਲਈ ਮਿਸਾਲੀ ਕਾਰਜ ਹਨ। ਇਸ ਦੌਰਾਨ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਮੁੱਖ ਸੇਵਾਦਾਰ ਸੁਲੱਖਣ ਸਿੰਘ ਨੇ ਬੀਬੀ ਜਾਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ।