ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਜੁਲਾਈ
ਚੰਡੀਗੜ੍ਹ ’ਤੇ ਪੰਜਾਬ ਦੇ ਹੱਕੀ ਤੇ ਕੁਦਰਤੀ ਦਾਅਵੇ ਨੂੰ ਕਮਜ਼ੋਰ ਕਰਨ ਵਾਲਾ ਕੋਈ ਵੀ ਕਦਮ ਚੁੱਕਣ ਤੋਂ ਭਗਵੰਤ ਮਾਨ ਸਰਕਾਰ ਨੂੰ ਪ੍ਰਹੇਜ਼ ਕਰਨਾ ਚਾਹੀਦਾ ਹੈ। ਚੰਡੀਗੜ੍ਹ ’ਚ ਵੱਖਰੀ ਵਿਧਾਨ ਸਭਾ ਤੇ ਵੱਖਰੀ ਹਾਈ ਕੋਰਟ ਲਈ ਜਗ੍ਹਾ ਮੰਗਣ ਨਾਲ ਪੰਜਾਬ ਨੂੰ ਵੱਡਾ ਨੁਕਸਾਨ ਹੋਵੇਗਾ। ਇਸ ਲਈ ਪੰਜਾਬ ਵਿਰੋਧੀ ਬਿਆਨ ਫੌਰੀ ਵਾਪਸ ਲਿਆ ਜਾਵੇ ਅਤੇ ਕੇਂਦਰ ਸਰਕਾਰ ਵੱਲੋਂ ਹਰਿਆਣਾ ਨੂੰ ਚੰਡੀਗੜ੍ਹ ’ਚ ਜ਼ਮੀਨ ਦੇਣ ਦੇ ਫ਼ੈਸਲੇ ਨੂੰ ਫੌਰੀ ਵਾਪਸ ਕਰਵਾਉਣ ਲਈ ਤੇ ਪੂਰਾ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਵਾਉਣ ਲਈ ਵਿਧਾਨ ਸਭਾ ਦਾ ਐਮਰਜੈਂਸੀ ਇਜਲਾਸ ਸੱਦ ਕੇ ਢੁਕਵਾਂ ਮਤਾ ਪਾਸ ਕਰਵਾਏ। ਇਹ ਮੰਗ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਅੱਜ ਇਕ ਮੀਟਿੰਗ ਸਮੇਂ ਕੀਤੀ ਇਸ ਸਮੇਂ ਡਕੈਤੀਆਂ ਚੋਰੀਆਂ ਤੇ ਲੁੱਟਾਂ ਖੋਹਾਂ ਦੇ ਮੁੱਦੇ ’ਤੇ ਜੋਧਾਂ ਪੁਲੀਸ ਵਿਰੁੱਧ ਭਲਕੇ 15 ਜੁਲਾਈ ਦੇ ਸਾਂਝੇ ਐਕਸ਼ਨ ’ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਗਿਆ। ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਇਕੱਤਰਤਾ ’ਚ ਕਿਸਾਨੀ, ਮਜ਼ਦੂਰ ਜਮਾਤ ਤੇ ਪੰਜਾਬ ਦੇ ਗੰਭੀਰ ਭਖਦੇ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਨੰਬਰਦਾਰ ਬਲਜੀਤ ਸਿੰਘ ਸਵੱਦੀ, ਰਣਜੀਤ ਸਿੰਘ ਗੁੜੇ, ਨੰਬਰਦਾਰ ਮਨਮੋਹਣ ਸਿੰਘ ਪੰਡੋਰੀ ਨੇ ਦੱਸਿਆ ਕਿ ਇਕ ਮਤੇ ਰਾਹੀਂ ਐਲਾਨ ਕੀਤਾ ਗਿਆ ਕਿ ਮਰਹੂਮ ਕੁਲਵੰਤ ਕੌਰ ਰਸੂਲਪੁਰ ਕਤਲਕਾਂਡ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਯਕੀਨੀ ਬਣਾਉਣ ਲਈ 22 ਜੁਲਾਈ ਨੂੰ 12 ਜਥੇਬੰਦੀਆਂ ਦੇ ਸੱਦੇ ’ਤੇ ਸੱਤਾਧਾਰੀ ਵਿਧਾਇਕ ਸਰਵਜੀਤ ਕੌਰ ਮਾਣੂਕੇ ਦੀ ਕੋਠੀ ਦੇ ਘਿਰਾਓ ਲਈ ਵੀ ਜਥੇਬੰਦੀ ਦਾ ਵੱਡਾ ਕਾਫ਼ਲਾ ਪੁੱਜੇਗਾ।