ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਅਗਸਤ
ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਸ਼ਹਿਰ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਬੜੀ ਧੂਮਧਾਮ ਨਾਲ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਸਰਕਾਰੀ ਕਾਲਜ ਲੜਕੀਆਂ ਵਿੱਚ ਪ੍ਰਿੰਸੀਪਲ ਸੁਮਨ ਲਤਾ ਦੀ ਅਗਵਾਈ ਹੇਠ ਕਾਲਜ ਦੇ ਰੈੱਡ ਰਬਿਨ ਕਲੱਬ, ਯੂਥ ਕਲੱਬ, ਐੱਨਸੀਸੀ, ਐੱਨਐੱਸਐੱਸ, ਰੈੱਡ ਕਰਾਸ ਸੁਸਾਇਟੀ ਅਤੇ ਏਕ ਭਾਰਤ ਸ੍ਰੇਸ਼ਠ ਕਲੱਬ ਦੇ ਸਾਂਝੇ ਯਤਨਾਂ ਨਾਲ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਅਫਸਰ ਕਮਲੇਸ਼ ਕੌਰ, ਨਿਸ਼ਾ ਸ਼ੰਗਵਾਲ, ਡਾ. ਮਾਧਵੀ ਵਸ਼ਿਸ਼ਠ ਅਤੇ ਜਸਦੀਪ ਕੌਰ ਦੀ ਅਗਵਾਈ ਹੇਠ ਵਿਦਿਆਰਥਣਾਂ ਨੇ ਦੇਸ਼ ਭਗਤੀ ਦੀ ਭਾਵਨਾ ਨਾਲ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿੱਚ ਸਕਿੱਟ, ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਦੇ ਨਾਲ-ਨਾਲ ਭਾਸ਼ਣ ਵੀ ਸ਼ਾਮਲ ਸਨ। ਮੰਚ ਸੰਚਾਲਨ ਕਾਲਜ ਦੀਆਂ ਵਿਦਿਆਰਥਣਾਂ ਰਿਚਾ ਅਤੇ ਚਾਰੂ ਮਲਹੋਤਰਾ ਨੇ ਕੀਤਾ। ਸਰਕਾਰੀ ਕਾਲਜ ਲੁਧਿਆਣਾ ਈਸਟ ਵਿੱਚ ਪ੍ਰਿੰਸੀਪਲ ਬਲਵਿੰਦਰ ਕੌਰ ਦੀ ਅਗਵਾਈ ਹੇਠ ਦੇਸ਼ ਭਗਤੀ ਦੀਆਂ ਕਵਿਤਾਵਾਂ ਉਚਾਰਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਵਿਦਿਆਰਥੀਆਂ ਨੇ ਰਾਸ਼ਟਰੀ ਮਹਾਨ ਨਾਇਕਾਂ ਦੇ ਜੀਵਨ ਅਤੇ ਦੇਸ਼ ਭਗਤੀ ਦੇ ਮਾਣ-ਮੱਤੇ ਇਤਿਹਾਸ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੁਕਾਬਲੇ ਵਿੱਚ ਪਿੰਕੀ, ਮਾਨਸੀ ਅਤੇ ਬੀਰ ਦਵਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈਨ ਵਿੱਚ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਨੇ ਲੋਕਾਂ ਨੂੰ ਤਿਰੰਗਾ ਘਰ ਘਰ ਪਹੁੰਚਾਉਣ ਲਈ ਉਤਸ਼ਾਹਿਤ ਕਰਨ ਲਈ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਹਰ ਘਰ ਤਿਰੰਗਾ ਮੁਹਿੰਮ ਚਲਾਈ। ਕਾਲਜ ਦੇ ਐਨਸੀਸੀ ਵਿੰਗ, ਐਨਐਸਐਸ ਯੂਨਿਟ, ਯੂਥ ਕਲੱਬ, ਰੈੱਡ ਰਬਿਨ ਕਲੱਬ ਅਤੇ ਏਕ ਭਾਰਤ ਸ਼੍ਰੇਸ਼ਠ ਭਾਰਤ ਕਲੱਬ ਵੱਲੋਂ ਅਜ਼ਾਦੀ ਦੇ 57ਵੇਂ ਵਰ੍ਹੇ ਸਬੰਧੀ ਛੋਟੀਆਂ ਵੀਡੀਓ ਰਿਕਾਰਡ ਕੀਤੀਆਂ, ਆਪਣੀਆਂ ਸੈਲਫੀਆਂ ਪੋਸਟ ਕੀਤੀਆਂ, ਰਾਸ਼ਟਰੀ ਝੰਡੇ ਵੰਡੇ ਅਤੇ ਰੋਡ ਰੈਲੀ ਕੀਤੀ। ਗੁਜਰਾਂਵਾਲਾ ਗੁਰੂ ਨਾਨਕ ਪਬਲਿਕ ਸਕੂਲ ਰੋਜ਼ ਗਾਰਡਨ ਵਿੱਚ ਵੀ ਸਕੂਲ ਕੈਂਪਸ ਨੂੰ ਤਿਰੰਗੇ ਝੰਡਿਆਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ। ਸੈਕਰਡ ਹਾਰਟ ਸਕੂਲ ਵਿੱਚ ਕਰਵਾਏ ਸਮਾਗਮ ’ਚ ਏਡੀਸੀਪੀ ਸ਼ੁਭਮ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਪੀਐਸਪੀਸੀਐਲ ਦੇ ਡਿਪਟੀ ਚੀਫ ਇੰਜਨੀਅਰ ਐਸਆਰ ਵਾਸ਼ਿਸ਼ਠ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।