ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 24 ਅਪਰੈਲ
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘਟੀਆ ਕਿਸਮ ਦੇ ਬਿਆਨ ਦੇ ਕੇ ਜ਼ਹਿਰ ਉਗਲ ਰਹੇ ਹਨ, ਜਿਸ ਤੋਂ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਅੱਜ ਮਾਛੀਵਾੜਾ ਅਨਾਜ ਮੰਡੀ ਵਿੱਚ ਦੌਰਾ ਕਰਨ ਉਪਰੰਤ ਕਾਂਗਰਸ ਦੇ ਸੀਨੀਅਰ ਆਗੂ ਆੜ੍ਹਤੀ ਸ਼ਕਤੀ ਆਨੰਦ ਦੀ ਦੁਕਾਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਜੇਕਰ ਭਾਜਪਾ ਸੱਤਾ ਵਿਚ ਆਈ ਤਾਂ ਦੇਸ਼ ਦਾ ਕਿਸਾਨ, ਮਜ਼ਦੂਰ ਅਤੇ ਆੜ੍ਹਤੀ ਵਰਗ ਤਬਾਹ ਹੋ ਜਾਵੇਗਾ ਕਿਉਂਕਿ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣ ਵਿਚ ਲੱਗੀ ਹੋਈ ਹੈ। ਇਸ ਮੌਕੇ ਆਪਣੇ ਵਿਰੋਧੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਰਗੜੇ ਲਾਏ। ਉਨ੍ਹਾਂ ਕਿਹਾ ਕਿ ਜੀਪੀ ਸਭ ਤੋਂ ਵੱਡਾ ਦਲਬਦਲੂ ਹੈ ਕਿਉਂਕਿ ਹੁਣ ਤੱਕ ਉਹ ਕਈ ਪਾਰਟੀਆਂ ਬਦਲ ਚੁੱਕਾ ਹੈ। ਉਸ ਨੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਕੇ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਵੋਟਰ ਸਮਝ ਚੁੱਕੇ ਹਨ ਕਿ ਦਲਬਦਲੂਆਂ ਨੂੰ ਮੂੰਹ ਨਹੀਂ ਲਾਉਣਾ ਇਸ ਲਈ ਜਿਹੜੇ ਵੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਦਲ ਬਦਲੇ ਹਨ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਡਾ. ਅਮਰ ਸਿੰਘ ਨੇ ਕਿਹਾ ਕਿ ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਭਾਜਪਾ ਨੂੰ ਲਾਂਭੇ ਕਰਨਾ ਪਵੇਗਾ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਲੋਕ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ। ਇਸ ਮੌਕੇ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਤੇ ਸੀਨੀਅਰ ਆਗੂ ਸ਼ਕਤੀ ਆਨੰਦ ਨੇ ਕਿਹਾ ਕਿ ਇਲਾਕੇ ਦੇ ਸਮੂਹ ਕਾਂਗਰਸੀ ਵਰਕਰ ਉਨ੍ਹਾਂ ਦਾ ਚੋਣ ਪ੍ਰਚਾਰ ਪੂਰੀ ਤਨਦੇਹੀ ਨਾਲ ਕਰਨਗੇ।