ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਜੁਲਾਈ
ਰਤਨਹੇੜੀ ਫਾਟਕਾਂ ਦੇ ਬਦਲਵੇਂ ਰਸਤੇ ਨੂੰ ਲੈ ਕੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਇਸ ਸਬੰਧੀ ਐੱਸਡੀਐੱਮ ਮਨਜੀਤ ਕੌਰ ਅਤੇ ਪੀਡਬਲਿਯੂਡੀ ਦੇ ਐੱਸਡੀਓ ਨਿਰਮਲ ਪਾਲ ਸਿੰਘ ਅਤੇ ਇੰਜਨੀਅਰ ਕਰਮਜੀਤ ਸਿੰਘ ਨੇ ਬਣ ਰਹੇ ਰੇਲਵੇ ਅੰਡਰ ਪਾਸ ਅਤੇ ਲਾਈਨੋਂ ਪਾਰ ਦੀਆਂ ਕਲੋਨੀਆਂ ਲਈ ਬਣਾਏ ਜਾ ਰਹੇ ਬਦਲਵੇਂ ਰਸਤੇ ਨੂੰ ਦੇਖਿਆ। ਐੱਸਡੀਐੱਮ ਨੇ ਕਿਹਾ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਅੰਡਰਪਾਸ ਦਾ ਕੰਮ ਕਰਨ ’ਚ ਦਿੱਕਤ ਆ ਰਹੀ ਹੈ ਅਤੇ ਲੋਕਾਂ ਦੀ ਮੰਗ ਦੇ ਮੱਦੇਨਜ਼ਰ ਲਲਹੇੜੀ ਰੋਡ ਤੋਂ ਰਤਨਹੇੜੀ ਰੋਡ ਨੂੰ ਜੋੜਨ ਵਾਲੀ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਆਉਣ ਵਾਲੀ ਸਮੱਸਿਆ ਹੱਲ ਹੋ ਜਾਵੇਗੀ। ਐੱਸਡੀਓ ਨਿਰਪਾਲ ਸਿੰਘ ਨੇ ਕਿਹਾ ਕਿ ਜਦੋਂ ਇਸ ਅੰਡਰਪਾਸ ਦਾ ਐਸਟੀਮੇਟ ਪਾਸ ਹੋਇਆ ਸੀ ਅਤੇ ਕੰਮ ਸ਼ੁਰੂ ਕੀਤਾ ਗਿਆ ਸੀ, ਉਸ ਸਮੇਂ ਲਾਈਨੋਂ ਪਾਰ ਦੀਆਂ ਸੜਕਾਂ ਦੀ ਹਾਲਤ ਬਹੁਤ ਚੰਗੀ ਸੀ, ਉਸ ਤੋਂ ਬਾਅਦ ਸੀਵਰੇਜ ਪਾਉਣ ਕਾਰਨ ਸੜਕਾਂ ਪੁੱਟੀਆਂ ਗਈਆਂ, ਜਿਸ ਕਾਰਨ ਸੜਕਾਂ ਦੀ ਹਾਲਤ ਖਰਾਬ ਹੋ ਗਈ ਹੈ। ਇਨ੍ਹਾਂ ਸੜਕਾਂ ਦੀ ਹਾਲਤ ਸੁਧਾਰਨ ਲਈ ਬਦਲਵੇਂ ਰਸਤੇ ਬਣਾਉਣ ਲਈ ਬਰਸਾਤ ਵੱਡੀ ਰੁਕਾਵਟ ਬਣ ਰਹੀ ਹੈ, ਪਰ ਲੋਕਾਂ ਦੀ ਮੰਗ ਦੇ ਮੱਦੇਨਜ਼ਰ ਦੋ ਦਿਨਾਂ ਵਿੱਚ ਸੜਕਾਂ ਨੂੰ ਤਿਆਰ ਕੀਤਾ ਜਾਵੇਗਾ। ਐੱਸਡੀਐੱਮ ਨੇ ਕਿਹਾ ਕਿ ਲਲਹੇੜੀ ਰੋਡ ਤੋਂ ਗੁਦਾਮ ਰੋਡ ਨੂੰ ਰਤਨਹੇੜੀ ਸੜਕ ਨਾਲ ਜੋੜਿਆ ਜਾਵੇਗਾ ਅਤੇ ਉਹ ਨਿੱਜੀ ਤੌਰ ’ਤੇ ਇਸ ਮਾਮਲੇ ਦੀ ਦੇਖ-ਰੇਖ ਕਰ ਰਹੇ ਹਨ।