ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਜੁਲਾਈ
ਸਮਾਜ ਸੇਵੀ ਸੰਸਥਾ ਮਹਾ ਸਭਾ ਲੁਧਿਆਣਾ ਦੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਵਿਕਾਸ ਕਾਰਜਾਂ ਦੇ ਨਾਂ ’ਤੇ ਪਾਰਕਾਂ ਦੀ ਉਸਾਰੀ ਸਮੇਤ ਹੋਰ ਕੰਮਾਂ ਵਿੱਚ ਵਰਤੀ ਜਾ ਰਹੀ ਘਟੀਆ ਸਮੱਗਰੀ ਖ਼ਿਲਾਫ਼ ਰੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ‘ਆਪ’ ਸਰਕਾਰ ਨੇ ਭ੍ਰਿਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਵਿਕਾਸ ਕਾਰਜਾਂ ਵਿੱਚ ਘਟੀਆ ਸਮੱਗਰੀ ਵਰਤ ਕੇ ਵੱਡੇ ਪੱਧਰ ’ਤੇ ਧਾਂਦਲੀਆਂ ਕੀਤੀਆਂ ਜਾ ਰਹੀਆਂ ਹਨ। ਜੀਰਖ ਨੇ ਦੱਸਿਆ ਕਿ ਲੁਧਿਆਣਾ ਵਿੱਚ ਭਾਈ ਰਣਧੀਰ ਸਿੰਘ ਨਗਰ (ਐੱਫ ਬਲਾਕ) ਦੀ ਮਾਰਕੀਟ ਨੇੜੇ ਬਣਾਈ ਜਾ ਰਹੀ ਪਾਰਕ ਸਮੇਤ ਸੁਨੇਤ ਤੋਂ ਪਾਰਕ ਵੱਲ ਨੂੰ ਮੁੜਦੀ ਸੜਕ ਵਾਲੇ ਪਾਸੇ ਉਸਾਰੀ ਗਈ ਕੰਧ ਲਈ ਕਥਿਤ ਤੌਰ ’ਤੇ ਪੁਰਾਣੀਆਂ ਅਤੇ ਪਿੱਲੀਆਂ ਇੱਟਾਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਤੋਂ ਇਸ ਮਾਮਲੇ ਵਿੱਚ ਨਿੱਜੀ ਦਖ਼ਲ ਦੇ ਕੇ ਜਾਂਚ ਕਰਵਾਉਣ ਦੀ ਅਪੀਲ ਕੀਤੀ। ਆਗੂ ਨੇ ਮੰਗ ਕੀਤੀ ਕਿ ਮਸਲਾ ਹੱਲ ਹੋਣ ਤੱਕ ਸਬੰਧਤ ਕੰਮ ਦੀ ਅਦਾਇਗੀ ਰੋਕੀ ਜਾਵੇ। ਉਨ੍ਹਾਂ ਕਿਹਾ ਕਿ ਠੇਕੇਦਾਰ ਨੇ ਲੋਕਾਂ ਦੇ ਵਿਰੋਧ ਤੋਂ ਡਰਦਿਆਂ ਮਾੜੀਆਂ ਇੱਟਾਂ ਨਾਲ ਕੀਤੀ ਗਈ ਉਸਾਰੀ ਨੂੰ ਢੱਕਣ ਲਈ ਤੁਰੰਤ ਹੀ ਪਲਸਤਰ ਕਰ ਦਿੱਤਾ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।