ਨਿੱਜੀ ਪੱਤਰ ਪ੍ਰੇਰਕ
ਖੰਨਾ, 1 ਜੂਨ
ਵਾਰਡ ਨੰਬਰ-6 ਦੇ ਕਾਂਗਰਸੀ ਕੌਂਸਲਰ ਸੁਨੀਲ ਕੁਮਾਰ ਨੀਟਾ ਨੇ ਕਿਹਾ ਕਿ ਸੀਵਰੇਜ ਬੋਰਡ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਰੇਲਵੇ ਲਾਈਨ ਤੋਂ ਪਾਰ ਇਲਾਕੇ ਦੇ ਹਿੱਸੇ ਦਾ ਸੀਵਰੇਜ ਨਾਜਾਇਜ਼ ਕਲੋਨੀਆਂ ਵਿੱਚ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ 24 ਗਲੀਆਂ ਦਾ ਕੰਮ ਸ਼ੁਰੂ ਹੋਣਾ ਹੈ, ਜਿਸ ਦਾ ਨੀਂਹ ਪੱਥਰ ਵਿਧਾਇਕ ਕੋਟਲੀ ਵੱਲੋਂ ਰੱਖਿਆ ਗਿਆ, ਪਰ ਸੀਵਰੇਜ ਬੋਰਡ ਦੇ ਕੰਮ ਰੁਕੇ ਹੋਣ ਕਾਰਨ ਸਾਰਾ ਵਿਕਾਸ ਠੱਪ ਹੋ ਗਿਆ ਹੈ। ਇਸ ਸਬੰਧੀ ਠੇਕੇਦਾਰ ਦੇ ਕਰਿੰਦੇ ਕਹਿੰਦੇ ਹਨ ਕਿ ਕੰਮ ਖ਼ਤਮ ਹੋ ਗਿਆ ਹੈ ਜਦੋਂਕਿ ਨੰਦੀ ਕਲੋਨੀ ਸਣੇ ਕਈ ਇਲਾਕਿਆਂ ਵਿਚ ਸੀਵਰੇਜ ਤੇ ਵਾਟਰ ਸਪਲਾਈ ਦੀਆਂ ਪਾਇਪਾਂ ਵਿਛਾਉਣੀਆਂ ਬਾਕੀ ਹਨ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਰੇਲਵੇ ਲਾਈਨ ਤੋਂ ਪਾਰ ਇਲਾਕੇ ਦੇ ਹਿੱਸੇ ਦਾ ਸੀਵਰੇਜ ਨਾਜਾਇਜ਼ ਕਲੋਨੀਆਂ ਵਿਚ ਪਾ ਦਿੱਤਾ ਗਿਆ, ਜਿਸ ਨਾਲ ਸੀਵਰੇਜ ਲਈ ਆਏ ਪੈਸੇ ਖ਼ਤਮ ਹੋ ਗਏ। ਇਸ ਇਲਾਕੇ ਦੀਆਂ ਗਲੀਆਂ ਉਸੇ ਤਰ੍ਹਾਂ ਹੀ ਪੁੱਟੀਆਂ ਹੋਈਆਂ ਹਨ ਅਤੇ ਰੋਜ਼ਾਨਾ ਹਾਦਸੇ ਵਾਪਰਦੇ ਹਨ। ਇਸ ਕਾਰਨ ਖ਼ਰਾਬ ਮੌਸਮ ਵਿਚ ਲੋਕਾਂ ਲਈ ਹੋਰ ਵੱਡੀ ਮੁਸੀਬਤ ਖੜ੍ਹੀ ਹੋ ਜਾਂਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਕ ਹਫ਼ਤੇ ਅੰਦਰ ਇਸ ਇਲਾਕੇ ਵਿਚ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਇਲਾਕੇ ਦੇ ਲੋਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਅਤੇ ਪੱਧਰ ’ਤੇ ਧਰਨਾ ਦਿੱਤਾ ਜਾਵੇਗਾ।
ਗ਼ਲਤ ਜਗ੍ਹਾ ’ਤੇ ਸੀਵਰੇਜ ਨਹੀਂ ਪਾਇਆ: ਐਸਡੀਓ
ਸੀਵਰੇਜ ਬੋਰਡ ਦੇ ਐਸਡੀਓ ਗੁਰਤੇਜ ਸਿੰਘ ਨੇ ਕਿਹਾ ਕਿ ਠੇਕੇਦਾਰ ਕੋਲ ਕੁਝ ਲੇਬਰ ਦੀ ਘਾਟ ਸੀ ਅਤੇ ਲਲਹੇੜੀ ਰੋਡ ਦੀ ਮੁੱਖ ਸੜਕ ਦਾ ਕੰਮ ਵੀ ਅਜੇ ਬਾਕੀ ਹੈ। 10 ਦਿਨ ’ਚ ਕੰਮ ਮੁੜ ਅਰੰਭ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਗ਼ਲਤ ਜਗ੍ਹਾ ’ਤੇ ਸੀਵਰੇਜ ਨਹੀਂ ਪਾਇਆ ਗਿਆ।