ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਅਗਸਤ
ਕੇਂਦਰੀ ਜੇਲ੍ਹ ਲੁਧਿਆਣਾ ਤੋਂ ਸਿਵਲ ਹਸਪਤਾਲ ਵਿੱਚ ਇਲਾਜ ਲਈ ਆਏ ਬੰਦੀ ਨੇ ਜੇਲ੍ਹ ਪ੍ਰਸ਼ਾਸਨ ’ਤੇ ਕੁੱਟਮਾਰ ਮਗਰੋਂ ਇਲਾਜ ਨਾ ਕਰਵਾਉਣ ਦੇ ਦੋਸ਼ ਲਗਾਏ ਹਨ। ਜੇਲ੍ਹ ਵਿੱਚ ਸੱਤ ਸਾਲਾਂ ਤੋਂ ਬੰਦ ਕੈਦੀ ਸੂਰਜ ਨੇ ਦੋਸ਼ ਲਗਾਏ ਹਨ ਕਿ ਉਸ ਨਾਲ ਪੰਜ ਦਿਨ ਪਹਿਲਾਂ ਕੁੱਟਮਾਰ ਹੋਈ ਸੀ ਪਰ ਜੇਲ੍ਹ ਅਧਿਕਾਰੀਆਂ ਵੱਲੋਂ ਉਸ ਦਾ ਇਲਾਜ ਨਹੀਂ ਕਰਵਾਇਆ ਗਿਆ। ਅੱਜ ਉਸ ਨੂੰ ਇਲਾਜ ਲਈ ਭੇਜਿਆ ਗਿਆ ਹੈ, ਜਿਥੇ ਹਸਪਤਾਲ ਦੇ ਅਮਲੇ ਨੇ ਉਸ ਦੇ ਹੱਥਾਂ ’ਤੇ ਟਾਂਕੇ ਲਗਾਏ ਹਨ। ਸਿਵਲ ਹਸਪਤਾਲ ਵਿੱਚ ਭਰਤੀ ਸੂਰਜ ਨੇ ਦੱਸਿਆ ਕਿ ਉਸ ’ਤੇ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਹਨ ਅਤੇ ਉਹ ਪਿਛਲੇ 7 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ। ਉਸਨੇ ਦੱਸਿਆ ਕਿ ਪੰਜ ਦਿਨ ਪਹਿਲਾਂ ਉਸ ਨਾਲ ਜੇਲ੍ਹ ਵਿੱਚ ਕੁੱਟਮਾਰ ਹੋਈ ਸੀ, ਜਿਸ ਕਾਰਨ ਉਸ ਦੇ ਹੱਥ ’ਤੇ ਸੱਟ ਲੱਗ ਗਈ। ਜੇਲ੍ਹ ਪ੍ਰਸ਼ਾਸਨ ਨੇ ਮਾਮਲੇ ਨੂੰ ਦੱਬਣ ਖਾਤਰ ਉਸ ਨੂੰ ਇਲਾਜ ਲਈ ਹੀ ਨਹੀਂ ਭੇਜਿਆ। ਸ਼ਨਿਚਰਵਾਰ ਮਿੰਨਤਾਂ ਕਰਨ ਮਗਰੋਂ ਉਸ ਨੂੰ ਸਿਵਲ ਹਸਪਤਾਲ ਭੇਜਿਆ ਗਿਆ, ਜਿਥੇ ਉਸ ਦੇ ਹੱਥਾਂ ’ਤੇ ਟਾਂਕੇ ਲੱਗੇ ਹਨ। ਸੂਰਜ ਨੇ ਦੋਸ਼ ਲਗਾਏ ਕਿ ਜੇਲ੍ਹ ਵਿੱਚ ਉਸ ਦੇ ਨਾਲ ਕਾਫ਼ੀ ਕੁੱਟਮਾਰ ਹੋਈ ਹੈ।
ਇਸੇ ਦੌਰਾਨ ਕੈਦੀ ਸੂਰਜ ਨੂੰ ਇਲਾਜ ਲਈ ਲੈ ਕੇ ਆਏ ਜੇਲ੍ਹ ਪ੍ਰਸ਼ਾਸਨ ਦੇ ਪੁਲੀਸ ਮੁਲਾਜ਼ਮਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਕੁੱਟਮਾਰ ਬਾਰੇ ਉਨ੍ਹਾਂ ਨੂੰ ਨਹੀਂ ਪਤਾ। ਕੈਦੀ ਦੇ ਹੱਥ ’ਤੇ ਸੱਟ ਲੱਗੀ ਸੀ, ਇਸ ਲਈ ਉਹ ਉਸ ਦਾ ਇਲਾਜ ਕਰਵਾਉਣ ਲਈ ਉਸ ਨੂੰ ਹਸਪਤਾਲ ਲੈ ਕੇ ਆਏ ਹਨ।