ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 2 ਸਤੰਬਰ
ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਇੱਥੋਂ ਦੇ ਬਹੁ ਗਿਣਤੀ ਕੌਂਸਲਰਾਂ ਨੇ ਬੀਤੇ ਡੇਢ ਸਾਲ ਦੌਰਾਨ ਨਗਰ ਕੌਂਸਲ ਦੇ ਕੰਮਾਂ ਵਿੱਚ ਵੱਡੇ ਪੱਧਰ ’ਤੇ ਧਾਂਦਲੀਆਂ ਹੋਣ ਦਾ ਦੋਸ਼ ਲਗਾਇਆ ਹੈ । ਇਸ ਸਬੰਧੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਇਸ ਸਬੰਧੀ ਵਿਜੀਲੈਂਸ ਜਾਂਚ ਕਰਵਾਉਣ ਅਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਵਾਲੇ ਪ੍ਰਧਾਨ, ਅਧਿਕਾਰੀਆਂ ਤੇ ਠੇਕੇਦਾਰਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਆਪਣੀ ਸ਼ਿਕਾਇਤ ਵਿੱਚ ਆਨੰਦੀ ਦੇਵੀ, ਕਮਲਜੀਤ ਊਭੀ, ਵਿਕਾਸ ਕ੍ਰਿਸ਼ਨ ਸ਼ਰਮਾ, ਗੀਤਾ ਸ਼ਾਹੀ, ਸੰਜੀਵ ਕੁਮਾਰ, ਮੋਨੀਆ ਬੱਧਨ, ਸ਼ਸ਼ੀ ਜੋਸ਼ੀ, ਜਸਵਿੰਦਰ ਸਿੰਘ ਆਦਿ ਕੌਂਸਲਰਾਂ ਨੇ ਦੋਸ਼ ਲਗਾਇਆ ਹੈ ਕਿ ਮਾਰਚ 2021 ਤੋਂ ਹੁਣ ਤੱਕ ਕਰਵਾਏ ਗਏ ਵਿਕਾਸ ਕੰਮਾਂ, ਮੁਰੰਮਤਾਂ ਅਤੇ ਖਰੀਦਦਾਰੀਆਂ ਦੌਰਾਨ ਸਰਕਾਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਵੱਡੇ ਘਪਲੇ ਕੀਤੇ ਗਏ ਹਨ। ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਨਮਾਜਰਾ ਤੋਂ ਲਿਖਤੀ ਸਿਫਾਰਸ਼ ਕਰਵਾ ਕੇ ਭੇਜੀ ਗਈ ਸ਼ਿਕਾਇਤ ਵਿੱਚ ਕੌਂਸਲਰਾਂ ਨੇ ਲਿਖਿਆ ਹੈ ਕਿ ਮਾਰਚ 2021 ਤੋਂ ਬਾਅਦ ਜੋ ਵੀ ਨਗਰ ਕੌਂਸਲ ਵੱਲੋਂ ਕੰਮ ਕਰਵਾਏ ਜਾ ਰਹੇ ਹਨ, ਉਨ੍ਹਾਂ ਵਿੱਚ ਵੱਡੇ ਪੱਧਰ ’ਤੇ ਧਾਂਦਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਵਿਜੀਲੇਂਸ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਜਾਵੇ, ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਸਰਕਾਰ ਦੀਆਂ ਹਦਾਇਤਾਂ ’ਤੇ ਕੀਤਾ ਜਾਂਦੈ ਹਰ ਕਾਰਜ: ਕਾਰਜਸਾਧਕ ਅਫ਼ਸਰ
ਕਾਰਜਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਨੂੰ ਹਾਲੇ ਤੱਕ ਕਿਸੇ ਵੀ ਏਜੰਸੀ ਜਾਂ ਅਧਿਕਾਰੀ ਤੋਂ ਇਸ ਸਬੰਧੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ। ਉਨ੍ਹਾਂ ਦਾਅਵਾ ਕੀਤਾ ਕਿ ਹਰ ਕਿਸਮ ਦੇ ਵਿਕਾਸ ਕਾਰਜ ਤੇ ਖਰੀਦਦਾਰੀਆਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਕੀਤੀਆਂ ਜਾਂਦੀਆਂ ਹਨ ਅਤੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਵਿਕਾਸ ਦਾ ਸਾਰਾ ਕੰਮ ਸਬੰਧਤ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਹੋਵੇ।