ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਸਤੰਬਰ
ਅਕਾਲੀ ਆਗੂ ਮਾਨ ਸਿੰਘ ਗਰਚਾ ਦੇ ਪਿੰਡ ਭੁੱਟਾ ਸਥਿਤ ਕਾਲਜ ਵਿੱਚ ਕੰਮ ਕਰਦੇ ਪਤੀ-ਪਤਨੀ ਵੱਲੋਂ ਬੇਨਿਯਮੀਆਂ ਵਰਤਕੇ ਕਾਲਜ ਦੇ ਫੰਡਾਂ ਵਿੱਚ ਲੱਖਾਂ ਰੁਪਏ ਦਾ ਗਬਨ ਕਰਨ ਦੇ ਦੋਸ਼ ਤਹਿਤ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਰਹੇ ਮਾਨ ਸਿੰਘ ਗਰਚਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਕੇਹਰਨਾਮ ਮੈਮੋਰੀਅਲ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਹਨ ਅਤੇ ਸੁਸਾਇਟੀ ਵੱਲੋਂ ਪਿੰਡ ਭੁੱਟਾ ਵਿੱਚ ਕਈ ਕਾਲਜ ਚਲਾਏ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਤਾਪ ਕਲੋਨੀ ਮਾਡਲ ਗ੍ਰਾਮ ਵਾਸੀ ਦਮਨਪ੍ਰੀਤ ਸਿੰਘ ਅਤੇ ਉਸਦੀ ਪਤਨੀ ਮਨਦੀਪ ਕੌਰ ਨੇ ਕਾਲਜ ਦੇ ਰਿਕਾਰਡ ਨਾਲ ਛੇੜਛਾੜ ਕਰ ਕੇ ਇੰਟਰਨੈਸ਼ਨਲ ਵਿਦਿਆਰਥੀਆਂ ਦੀਆਂ ਫ਼ੀਸਾਂ ਹੜੱਪ ਲਈਆਂ ਅਤੇ ਵਿਦਿਆਰਥੀਆਂ ਦੀਆਂ ਹਾਜ਼ਰੀਆਂ ਨਾਂ ਲਗਵਾ ਕੇ ਉਨ੍ਹਾਂ ਦੇ ਗ਼ਲਤ ਵੀਜ਼ੇ ਲਗਵਾਏ। ਇਸ ਤੋਂ ਇਲਾਵਾ ਗੈਰ ਵਿਦਿਆਰਥੀਆਂ ਦੇ ਵੀਜ਼ੇ ਲਗਵਾ ਕੇ ਵੀ ਲੱਖਾਂ ਰੁਪਏ ਦਾ ਗਬਨ ਕੀਤਾ ਗਿਆ ਹੈ। ਥਾਣੇਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਦੋਵਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।