ਨਿੱਜੀ ਪੱਤਰ ਪ੍ਰੇਰਕ
ਖੰਨਾ, 30 ਦਸੰਬਰ
‘ਨਗਰ ਕੌਂਸਲ ਵੱਲੋਂ ਸ਼ਹਿਰ ’ਚ ਸੀਸੀਟੀਵੀ ਕੈਮਰੇ ਲਾਉਣ ਦੇ ਨਾਂਅ ’ਤੇ ਘੁਟਾਲਾ ਕਰਨ ਦੀ ਮਨਸ਼ਾ ਨਾਲ ਕਰੀਬ 47 ਲੱਖ ਰੁਪਏ ਦੇ ਟੈਂਡਰ ਲਾਏ ਗਏ ਸਨ। ਕਿਸੇ ਵਿਅਕਤੀ ਵੱਲੋਂ ਸ਼ਿਕਾਇਤ ਕਰਨ ਮਗਰੋਂ ਇਹ ਟੈਂਡਰ ਰੱਦ ਕਰ ਦਿੱਤੇ ਗਏ ਹਨ। ਸ਼ਹਿਰ ਵਿੱਚ ਕਰੀਬ 150 ਕੈਮਰੇ ਲਾਉਣ ਦਾ ਟੈਂਡਰ ਸੀ ਪਰ ਕੈਮਰੇ ਲੱਗਣ ਵਾਲੀਆਂ ਥਾਵਾਂ ਨਹੀਂ ਦੱਸੀਆਂ ਗਈਆਂ।’ ਇਹ ਦੋਸ਼ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪਰਮਪ੍ਰੀਤ ਸਿੰਘ ਪੌਂਪੀ ਤੇ ਕੌਂਸਲਰ ਸਰਬਦੀਪ ਸਿੰਘ ਕਾਲੀਰਾਓ ਨੇ ਲਾਏ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਕੈਮਰੇ ਲਾਉਣ ਦੇ ਮਾਮਲੇ ’ਚ ਘੁਟਾਲਾ ਕਰਨ ਦੀ ਮਨਸ਼ਾ ਇਸ ਗੱਲ ਤੋਂ ਸਪੱਸ਼ਟ ਹੁੰਦੀ ਹੈ ਕਿ ਉਸ ਨੇ ਇਹ ਟੈਂਡਰ ਏਜੰਡੇ ਤੋਂ ਬਾਹਰ ਲਿਆ ਕੇ ਲਾਏ ਸਨ, ਅਜਿਹਾ ਕਰਕੇ ਹਾਊਸ ਨੂੰ ਗੁਮਰਾਹ ਕੀਤਾ ਗਿਆ ਹੈ। ਗੜਬੜੀ ਦਾ ਪਤਾ ਲੱਗਣ ’ਤੇ 23 ਦਸੰਬਰ ਨੂੰ ਟੈਂਡਰ ਰੱਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਟੈਂਡਰ ’ਚ ਕੈਮਰੇ ਤੇ ਹੋਰ ਸਾਮਾਨ ਦੀ ਜਿਹੜੀ ਕੀਮਤ ਦਿਖਾਈ ਗਈ ਹੈ, ਉਸ ਦਾ ਬਾਜ਼ਾਰ ਨਾਲੋਂ ਭਾਰੀ ਅੰਤਰ ਹੈ।
ਇਸ ਸਬੰਧੀ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਕੌਂਸਲਰਾਂ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ’ਚ ਕੈਮਰੇ ਲਾਏ ਜਾਣੇ ਹਨ, ਜਿਸ ਕਾਰਨ ਕੌਂਸਲ ਦੇ ਫੰਡਾਂ ਵਿੱਚੋਂ ਲਾਏ ਜਾਣ ਵਾਲੇ ਕੈਮਰਿਆਂ ਦੇ ਟੈਂਡਰ ਰੱਦ ਕੀਤੇ ਗਏ ਹਨ। ਕੌਂਸਲ ਦੇ ਈ.ਓ ਚਰਨਜੀਤ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਦੇ ਕਹਿਣ ’ਤੇ ਟੈਂਡਰ ਰੱਦ ਕੀਤੇ ਗਏ ਹਨ, ਇਸ ਦੇ ਕਾਰਨਾਂ ਦਾ ਕੁਝ ਨਹੀਂ ਪਤਾ।