ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 18 ਅਪਰੈਲ
ਢਾਈ ਦਹਾਕੇ ਤੋਂ ਚੱਲਦੀ ਆ ਰਹੀ ਤਲਵੰਡੀ ਕਲਾਂ ਦੀ ਦਾਣਾ ਮੰਡੀ ਚਾਲੂ ਰੱਖਣ ਲਈ ਕਿਸਾਨ, ਆੜ੍ਹਤੀ ਤੇ ਮਜ਼ਦੂਰ ਇਕ ਮੰਚ ’ਤੇ ਆ ਗਏ ਹਨ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਨੁਮਾਇੰਦੇ ਅੱਜ ਮੰਡੀ ਪਹੁੰਚੇ ਅਤੇ ਆੜ੍ਹਤੀਆਂ ਨਾਲ ਸਾਂਝੀ ਮੀਟਿੰਗ ਕੀਤੀ। ਗੁਰਦਿਆਲ ਸਿੰਘ ਤਲਵੰਡੀ ਤੇ ਖਜ਼ਾਨਚੀ ਮਨਮੋਹਣ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਇਹ ਭਰਵੀਂ ਮੀਟਿੰਗ ਹੋਈ, ਜਿਸ ’ਚ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਬੰਦ ਕੀਤੀ ਦਾਣਾ ਮੰਡੀ ਤਲਵੰਡੀ ਕਲਾਂ ਨੂੰ ਕੱਲ੍ਹ ਤੋਂ ਮੁੜ ਚਾਲੂ ਕਰਵਾਉਣ ਲਈ ਵਿਚਾਰਾਂ ਹੋਈਆਂ। ਮੀਟਿੰਗ ਉਪਰੰਤ ਕਿਸਾਨ ਆਗੂਆਂ ਜਸਦੇਵ ਸਿੰਘ ਲਲਤੋਂ, ਡਾ. ਗੁਰਮੇਲ ਸਿੰਘ ਕੁਲਾਰ, ਨੰਬਰਦਾਰ ਬਲਜੀਤ ਸਿੰਘ ਸਵੱਦੀ, ਜਗਮੋਹਣ ਸਿੰਘ, ਜਥੇਦਾਰ ਰਣਜੀਤ ਸਿੰਘ ਗੁੜੇ, ਸਰਵਿੰਦਰ ਸਿੰਘ ਸੁਧਾਰ ਨੇ ਵਰਨਣ ਕੀਤਾ ਕਿ ਕੇਂਦਰੀ ਹਕੂਮਤ ਦੀ ਏਜੰਸੀ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੇ ਸਹਾਇਕ ਮੈਨੇਜਰ ਸੋਹਣ ਸਿੰਘ ਨੇ ਯਕੀਨ ਦਵਾਇਆ ਕਿ ਉਹ ਕੱਲ੍ਹ ਤੋਂ ਬਾਰਦਾਨਾ ਸਪਲਾਈ ਕਰ ਕੇ ਤਲਵੰਡੀ ਕਲਾਂ ਮੰਡੀ ਨਾਲ ਸਬੰਧਤ ਜਿਣਸ ਦੀ ਬਾਕਾਇਦਾ ਖਰੀਦ ਆਰੰਭ ਦੇਣਗੇ। ਇਸ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਸਕੱਤਰ ਰੁਮੇਲ ਸਿੰਘ ਦੇ ਪਹਿਲੇ ਭਰੋਸੇ ਅਨੁਸਾਰ ਪੰਜਾਬ ਸਰਕਾਰ ਦੀ ਇਕ ਏਜੰਸੀ ਵੀ ਖਰੀਦ ਸ਼ੁਰੂ ਕਰ ਦੇਵੇਗੀ। ਮੀਟਿੰਗ ’ਚ ਨਿਰਭੈ ਸਿੰਘ ਤਲਵੰਡੀ, ਅਵਤਾਰ ਸਿੰਘ ਤਲਵੰਡੀ, ਗੁਰਬਖ਼ਸ਼ ਸਿੰਘ ਤਲਵੰਡੀ, ਸੁਰਜੀਤ ਸਿੰਘ ਸਵੱਦੀ ਆਦਿ ਹਾਜ਼ਰ ਸਨ।