ਜੋਗਿੰਦਰ ਸਿੰਘ ਓਬਰਾਏ
ਖੰਨਾ, 19 ਜੂਨ
ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਮੁੱਚੀ ਲੀਡਰਸ਼ਿੱਪ ਨੇ ਇਥੋਂ ਦੇ ਲਲਹੇੜੀ ਚੌਕ ਵਿੱਚ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਹੇਠ ਦਲਿਤ ਸਮਾਜ ਖ਼ਿਲਾਫ ਗਲਤ ਸ਼ਬਦਾਵਲੀ ਵਰਤਣ ’ਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸ੍ਰੀ ਯਾਦੂ ਨੇ ਕਿਹਾ ਕਿ ਜੋ ਸ਼ਬਦਾਵਲੀ ਦਲਿਤ ਭਾਈਚਾਰੇ ਲਈ ਰਵਨੀਤ ਬਿੱਟੂ ਵੱਲੋਂ ਵਰਤੀ ਗਈ ਹੈ, ਉਸ ਸਬੰਧੀ ਦਲਿਤ ਭਾਈਚਾਰੇ ਤੋਂ ਇਲਾਵਾ ਹਰ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਬਦ ਬਿੱਟੂ ਦੇ ਨਹੀਂ, ਬਲਕਿ ਇਸ ਪਿੱਛੇ ਕਾਂਗਰਸ ਸਰਕਾਰ ਸਾਜਿਸ਼ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੀ ਸ਼ਬਦਾਵਲੀ ਵਰਤਣ ਵਾਲੇ ਬਿੱਟੂ ਖ਼ਿਲਾਫ਼ ਪਰਚਾ ਦਰਜ ਕਰ ਕੇ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਅਮਨ ਬਾਠ, ਦੀਪਕ ਚੌਧਰੀ, ਪ੍ਰਿਤਪਾਲ ਸਿੰਘ, ਹਰਸ਼ਨਦੀਪ ਚੰਨੀ, ਗੁਰਸਿਮਰਨ ਸਿੰਘ, ਪਰਮਵੀਰ ਸਿੰਘ, ਮਨਦੀਪ ਸਿੰਘ, ਕਰਨ ਵਰਮਾ, ਹਰਸਿਮਰਨ ਸਿੰਘ, ਅੰਮ੍ਰਿਤਪਾਲ ਸਿੰਘ, ਰਵਿੰਦਰਪਾਲ ਸਿੰਘ ਕੋਹਲੀ, ਐਡਵੋਕੇਟ ਸੁਨੀਲ ਮਨੋਚਾ ਆਦਿ ਹਾਜ਼ਰ ਸਨ।
ਸਮਰਾਲਾ ’ਚ ਅਕਾਲੀ-ਬਸਪਾ ਵੱਲੋਂ ਮੁਜ਼ਾਹਰਾ
ਸਮਰਾਲਾ (ਪੱਤਰ ਪ੍ਰੇਰਕ): ਕਾਂਗਰਸ ਐੱਮਪੀ ਰਵਨੀਤ ਸਿੰਘ ਬਿੱਟੂ ਵੱਲੋਂ ਬੀਤੇ ਦਿਨੀਂ ਅਕਾਲੀ-ਬਸਪਾ ਗਠਜੋੜ ਨੂੰ ਲੈ ਕੇ ਦਲਿਤ ਭਾਈਚਾਰੇ ਖ਼ਿਲਾਫ਼ ਕੀਤੀ ਟਿੱਪਣੀ ਨੂੰ ਲੈ ਕੇ ਉਠਿਆ ਵਿਵਾਦ ਹੋਰ ਵੀ ਭੜਕ ਗਿਆ ਹੈ। ਸਮਰਾਲਾ ਵਿੱਚ ਅਕਾਲੀ-ਬਸਪਾ ਆਗੂਆਂ ਦੀ ਅਗਵਾਈ ਵਿੱਚ ਗਠਜੋੜ ਵਰਕਰਾਂ ਨੇ ਬਿੱਟੂ ਦਾ ਪੁਤਲਾ ਫੂਕ ਦੇ ਹੋਏ ਭਾਰੀ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਰਵਨੀਤ ਬਿੱਟੂ ਖਿਲਾਫ ਐੱਸਸੀ ਐਕਟ ਅਧੀਨ ਤੁਰੰਤ ਕੇਸ ਦਰਜ ਕੀਤਾ ਜਾਵੇ। ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿਲੋਂ ਨੇ ਆਖਿਆ ਕਿ ਕਾਂਗਰਸ ਅਕਾਲੀ-ਬਸਪਾ ਗਠਜੋੜ ਤੋਂ ਘਬਰਾ ਗਈ ਹੈ। ਉਨ੍ਹਾਂ ਕਿਹਾ ਕਿ ਬਿੱਟੂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਸੀਟ ਨੂੰ ਲੈ ਕੇ ਦਿਤੇ ਗਏ ਦਲਿਤ ਵਿਰੋਧੀ ਬਿਆਨ ਨੇ ਕਾਂਗਰਸ ਦਾ ਚਿਹਰਾ ਨੰਗਾ ਹੋ ਚੁੱਕਾ ਹੈ। ਇਸ ਮੌਕੇ ਬਸਪਾ ਆਗੂ ਐਡਵੋਕੇਟ ਸ਼ਿਵ ਕਲਿਆਣ ਅਤੇ ਹਰਭਜਨ ਸਿੰਘ ਦੁਲਵਾ ਨੇ ਧਰਨੇ ਦੀ ਅਗਵਾਈ ਕਰਦੇ ਹੋਏ ਆਖਿਆ ਕਿ ਬਿੱਟੂ ਵੱਲੋਂ ਦਿੱਤਾ ਗਿਆ ਦਲਿਤ ਵਿਰੋਧੀ ਬਿਆਨ ਅਸਲ ਵਿੱਚ ਕਾਂਗਰਸ ਦੀ ਪਾੜੋ ਅਤੇ ਰਾਜ ਕਰੋ ਦੀ ਰਣਨੀਤੀ ਦਾ ਹਿੱਸਾ ਹੈ।