ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਫਰਵਰੀ
ਕਾਂਗਰਸ ਦੇ ਜਗਰਾਉਂ ਤੋਂ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਵੋਟਾਂ ਪੈਣ ’ਚ ਕੁਝ ਦਿਨ ਬਾਕੀ ਰਹਿ ਜਾਣ ਦੇ ਮੱਦੇਨਜ਼ਰ ਆਪਣੀ ਚੋਣ ਮਹਿੰਮ ਨੂੰ ਸਿਖ਼ਰ ’ਤੇ ਲੈ ਗਏ ਹਨ। ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ, ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਕਾਮਰੇਡ ਰਵਿੰਦਰਪਾਲ ਰਾਜੂ ਤੇ ਹੋਰ ਅਹੁਦੇਦਾਰਾਂ ਨਾਲ ਮਿਲ ਕੇ ਉਨ੍ਹਾਂ ਪੂਰੀ ਤਾਕਤ ਜਿੱਤਣ ਲਈ ਲਾ ਦਿੱਤੀ ਹੈ। ਅੱਜ ਕੋਠੇ ਹਰੀ ਸਿੰਘ, ਦੇਹੜਕਾ, ਮੱਲ੍ਹਾ, ਚਕਰ, ਗੁਰੂਸਰ ਕਾਉਂਕੇ ਆਦਿ ਪਿੰਡਾਂ ’ਚ ਭਰਵੇਂ ਚੋਣ ਜਲਸੇ ਕਰਨ ਤੋਂ ਇਲਾਵਾ ਉਨ੍ਹਾਂ ਸ਼ਹਿਰ ਦੇ ਅੱਧੀ ਦਰਜਨ ਵਾਰਡਾਂ ’ਚ ਇਕੱਠ ਕੀਤੇ ਜਿਨ੍ਹਾਂ ’ਚ ਵੱਡੀ ਗਿਣਤੀ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ।
ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਚੇਅਰਮੈਨ ਰਮਨ ਸੁਬਰਾਮਨੀਅਮ ਵੱਲੋਂ ਸਥਾਨਕ ਕੌਂਸਲਰਾਂ ਨਾਲ ਮੀਟਿੰਗ ਕਰ ਕੇ ਦਿੱਤੀਆਂ ਹਦਾਇਤਾਂ ਤੋਂ ਬਾਅਦ ਇਹ ਕੌਂਸਲਰ ਪੂਰੀ ਤਰ੍ਹਾਂ ਸਰਗਰਮ ਹਨ। ਚੇਅਰਮੈਨ ਰਮਨ ਵੀ ਦੋ ਵਾਰ ਆ ਕੇ ਜਗਰਾਉਂ ’ਚ ਪ੍ਰਚਾਰ ਕਰ ਕੇ ਗਏ ਹਨ। ਇਸੇ ਦੌਰਾਨ ਵਾਰਡ ਨੰਬਰ ਅਠਾਰਾਂ ’ਚ ਕਾਮਰੇਡ ਰਵਿੰਦਰਪਾਲ ਸਿੰਘ ਰਾਜੂ ਨੇ ਭਰਵਾਂ ਜਲਸਾ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦਲਦਲ ’ਚ ਧੱਕਣ ਵਾਲਾ ਅਕਾਲੀ ਦਲ ਹੈ। ਦਸ ਸਾਲ ਪੰਜਾਬ ’ਚ ਗਠਜੋੜ ਸਰਕਾਰ ਰਹਿਣ ਕਰਕੇ ਹਰ ਤਰ੍ਹਾਂ ਦਾ ਮਾਫੀਆ ਪਣਪਿਆ ਅਤੇ ਨਸ਼ਿਆਂ ਨੇ ਹਜ਼ਾਰਾਂ ਪੰਜਾਬੀ ਗੱਭਰੂ ਖਾ ਲਏ। ਵਿਧਾਇਕ ਹਿੱਸੋਵਾਲ ਨੇ ਆਪਣੀ ਮੁੱਖ ਵਿਰੋਧੀ ਉਮੀਦਵਾਰ ਸਰਵਜੀਤ ਕੌਰ ਮਾਣੂੰਕੇ ਨੂੰ ਨਿਸ਼ਾਨੇ ’ਤੇ ਰੱਖਿਆ ਅਤੇ ਉਨ੍ਹਾਂ ’ਤੇ ਰੇਤ ਖਣਨ ’ਚੋਂ ਕਥਿਤ ਰੁਪਏ ਲੈਣ ਸਣੇ ਹੋਰ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਨੂੰ ਲੁੱਟਣ ਆਈ ਹੈ।