ਪੱਤਰ ਪ੍ਰੇਰਕ
ਸਮਰਾਲਾ, 30 ਨਵੰਬਰ
ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਪਾਰਟੀ ਦੀ ਮਜ਼ਬੂਤੀ ਲਈ ਨਵੀਆਂ ਨਿਯੁਕਤੀਆਂ ਦਾ ਦੌਰ ਤੇਜ਼ ਕਰ ਦਿੱਤਾ ਹੈ। ਇਸ ਲੜੀ ਤਹਿਤ ਅੱਜ ਪਾਰਟੀ ਦਫ਼ਤਰ ’ਚ ਸੱਦੀ ਗਈ ਅਹਿਮ ਮੀਟਿੰਗ ਦੌਰਾਨ ਪਾਰਟੀ ਦੀ ਸਰਗਰਮ ਆਗੂ ਬੀਬੀ ਪਰਮਿੰਦਰ ਕੌਰ ਨੂੰ ਅਕਾਲੀ ਦਲ ਦੇ ਇਸਤਰੀ ਵਿੰਗ ਦਾ ਸ਼ਹਿਰੀ ਪ੍ਰਧਾਨ ਤੇ ਬੀਬੀ ਸੋਨੀਆ ਖੁੱਲਰ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਰਮਜੀਤ ਢਿੱਲੋਂ ਨੇ ਕਿਹਾ ਕਿ ਇਲਾਕੇ ’ਚ ਇਸਤਰੀ ਅਕਾਲੀ ਦਲ ਦਾ ਵਿਸਥਾਰ ਕਰਨ ਲਈ ਪਾਰਟੀ ਪ੍ਰਤੀ ਸਮਰਪਣ ਦੀ ਭਾਵਨਾ ਰੱਖਣ ਵਾਲੇ ਮਿਹਨਤੀ ਵਰਕਰਾਂ ਨੂੰ ਵੱਡੇ ਅਹੁਦਿਆਂ ਨਾਲ ਨਿਵਾਜ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਜਾ ਰਹੀ ਹੈ। ਸ਼ਹਿਰੀ ਪ੍ਰਧਾਨ ਪਰਮਿੰਦਰ ਕੌਰ ਤੇ ਸੀਨੀਅਰ ਮੀਤ ਪ੍ਰਧਾਨ ਸੋਨੀਆ ਖੁੱਲਰ ਨੇ ਸ੍ਰੀ ਢਿੱਲੋਂ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੀਆਂ। ਇਸ ਮੌਕੇ ਸੀਨੀਅਰ ਆਗੂ ਰਾਜਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਕੌਂਸਲਰ, ਤੇਜਿੰਦਰ ਕੌਰ ਕੌਂਸਲਰ, ਜਸਮੇਲ ਸਿੰਘ ਬੌਂਦਲੀ, ਸੋਹਣ ਸਿੰਘ, ਸ਼ੰਕਰ ਕਲਿਆਣ ਤੇ ਨਰੇਸ਼ ਖੁੱਲਰ ਆਦਿ ਹਾਜ਼ਰ ਸਨ।