ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਫਰਵਰੀ
ਯੂਥ ਅਕਾਲੀ ਦਲ ਨੇ ਕੇਂਦਰੀ ਬਜਟ ’ਤੇ ਪ੍ਰਤੀਕਰਮ ਦਿੰਦਿਆਂ ਬਜਟ ਨੂੰ ਦਿਸ਼ਾਹੀਣ ਅਤੇ ਲੋਕ ਮਾਰੂ ਕਰਾਰ ਦਿੱਤਾ ਹੈ। ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਆਮ ਲੋਕਾਂ ’ਤੇ ਬੋਝ ਹੈ ਅਤੇ ਇਸ ਵਿੱਚ ਲੋਕਾਂ ਲਈ ਕੁਝ ਵੀ ਨਵਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਟੈਕਸ ਦੀ ਤਜਵੀਜ਼ ਰੱਖੀ ਹੈ ਜਿਸ ਨਾਲ ਤੇਲ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਮੇਂ ਖੇਤੀਬਾੜੀ ਕਾਨੂੰਨ ਚਿੰਤਾ ਦਾ ਵਿਸ਼ਾ ਸਨ ਪਰ ਸਰਕਾਰ ਕੋਲ ਕਿਸਾਨੀ ਲਈ ਕੁਝ ਨਹੀਂ ਹੈ। ਸਰਕਾਰ ਇਸ ਨੂੰ ਡਿਜੀਟਲ ਬਜਟ ਦਾ ਨਾਮ ਦੇ ਕੇ ਲੋਕਾਂ ਦਾ ਧਿਆਨ ਕਿਸੇ ਹੋਰ ਪਾਸੇ ਮੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬਜਟ ਨੂੰ ਮੁਕੰਮਲ ਤੌਰ ’ਤੇ ਰੱਦ ਕਰ ਦਿੱਤਾ ਹੈ ਕਿਉਂਕਿ ਇਹ ਲੋਕ ਵਿਰੋਧੀ ਅਤੇ ਗਰੀਬ ਮਾਰੂ ਹੈ।