ਗੁਰਿੰਦਰ ਸਿੰਘ
ਲੁਧਿਆਣਾ, 8 ਅਕਤੂਬਰ
ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵੱਲੋਂ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਅੱਜ ਇੱਥੇ ਸਨਅਤੀ ਸਹਿਰ ਵਿੱਚ ਸ਼ੋਭਾ ਯਾਤਰਾ ਸਜਾਈ ਗਈ ਜਿਸ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਵਾਨਾ ਕੀਤਾ।
ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਵਾਲਮੀਕ ਭਾਈਚਾਰੇ ਦੀ ਬਾਂਹ ਫੜੀ ਹੈ। ਪੰਜਾਬ ਦੀ ਪਿਛਲੀ ਅਕਾਲੀ ਸਰਕਾਰ ਨੇ ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ ਦੀ ਉਸਾਰੀ 350 ਕਰੋੜ ਰੁਪਏ ਦੀ ਲਾਗਤ ਨਾਲ ਕਰਵਾ ਕੇ ਉਸ ਨੂੰ ਵਿਸ਼ਵ ਪੱਧਰ ਤੇ ਪਛਾਣ ਦਿਵਾਈ ਹੈ। ਇਸ ਤੋ ਇਲਾਵਾ ਉਨ੍ਹਾਂ ਦੇ ਸਮੇਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਵੀ ਕੀਤਾ ਗਿਆ । ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਦੀ ਸੋਚ ਰਹੀ ਹੈ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ। ਉਨ੍ਹਾਂ ਸ਼ੋਭਾ ਯਾਤਰਾ ਦਾ ਉਦਘਾਟਨ ਕਰਕੇ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ।
ਇਸ ਮੋਕੇ ਵਿਰੇਸ਼ ਵਿਜੈ ਦਾਨਵ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਮੁੱਖ ਮੰਤਰੀ ਆਏ ਅਤੇ ਬਹੁਤ ਮੁੱਖ ਮੰਤਰੀ ਗਏ ਪ੍ਰੰਤੂ ਕਿਸੇ ਨੇ ਵੀ ਵਾਲਮੀਕਿ ਸਮਾਜ ਨੂੰ ਉਹ ਮਾਣ ਸਨਮਾਨ ਨਹੀਂ ਦਿੱਤਾ ਜੋ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਹੋਰ ਕਿਸੇ ਨੇ ਵੀ ਵਾਲਮੀਕਿ ਸਮਾਜ ਦੀ ਸਾਰ ਨਹੀਂ ਲਈ ਹੈ ਅਤੇ ਸਮੁੱਚਾ ਵਾਲਮੀਕਿ ਸਮਾਜ ਸ਼੍ਰੋਮਣੀ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹਾ ਹੈ। ਉਨ੍ਹਾਂ ਸੁਖਬੀਰ ਬਾਦਲ ਅਤੇ ਸਮੁੱਚੇ ਆਗੂਆਂ ਨੂੰ ਜਿਥੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਉਨ੍ਹਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਪ੍ਰਗਟ ਦਿਵਸ ਦੀ ਵਧਾਈ ਵੀ ਦਿੱਤੀ।
ਸਵਾਮੀ ਪ੍ਰਗਟਨਾਥ ਮਹਾਰਾਜ ਅਤੇ ਮਾਤਾ ਊਸ਼ਾਮਤੀ ਦ੍ਰਾਵਿੜ ਨੇ ਝੰਡੇ ਦੀ ਰਸਮ ਅਦਾ ਕੀਤੀ ਜਦਕਿ ਸ਼ੁਕਰਾਚਾਰੀਆ ਦਰਸ਼ਨ ਰਤਨ ਰਾਵਣ ਪ੍ਰਮੁੱਖ ਆਧਸ ਨੇ ਸ਼ਮ੍ਹਾਂ ਰੋਸ਼ਨ ਕੀਤੀ ਅਤੇ ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਲੋਕ ਸਭਾ ਨੇ ਪ੍ਰਧਾਨਗੀ ਕੀਤੀ। ਰਾਸ਼ਟ੍ਰੀਯ ਮੁੱਖ ਸੰਚਾਲਕ ਵਿਰੇਸ਼ ਵਿਜੈ ਦਾਨਵ, ਰਾਸ਼ਟ੍ਰੀਯ ਸੰਚਾਲਕ ਕਰਮਯੋਗੀ ਯਸ਼ਪਾਲ, ਰਾਸ਼ਟ੍ਰੀਯ ਯੂਥ ਵਿੰਗ ਪ੍ਰਧਾਨ ਵੀਰਸ੍ਰੇਸ਼ਠ ਲਵ ਦ੍ਰਾਵਿੜ ਦੀ ਦੇਖ ਰੇਖ ਹੇਠ ਸ਼ੋਭਾ ਯਾਤਰਾ ਦਰੇਸੀ ਮੈਦਾਨ ਤੋਂ ਆਰੰਭ ਹੋਕੇ ਕਪੂਰ ਮਾਰਕੀਟ, ਪ੍ਰਤਾਪ ਬਾਜ਼ਾਰ, ਮਾਤਾ ਰਾਣੀ ਚੌਕ, ਘੰਟਾਘਰ, ਚੌੜਾ ਬਾਜ਼ਾਰ, ਡਿਵੀਜ਼ਨ ਨੰ 3 ਤੋਂ ਹੁੰਦੀ ਹੋਈ ਘਾਟੀ ਮੁਹੱਲਾ ਵਿੱਚ ਸਮਾਪਤ ਹੋਈ। ਸ਼ੋਭਾ ਯਾਤਰਾ ਦੇ ਸਾਰੇ ਰੂਟ ਨੂੰ ਸਜਾਇਆ ਗਿਆ ਸੀ ਜਦਕਿ ਦੁਕਾਨਦਾਰ ਯੂਨੀਅਨਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਇਸ ਦਾ ਸ਼ਾਨਦਾਰ ਸਵਾਗਤ ਕਰਦਿਆਂ ਲੰਗਰ ਲਗਾਏ ਗਏ ਸਨ। ਸ਼ੋਭਾ ਯਾਤਰਾ ਵਿੱਚ ਬੈਂਡ ਪਾਰਟੀਆਂ, ਝਾਕੀਆਂ ਅਤੇ ਸ਼ਰਧਾਲੂਆਂ ਦੇ ਜੱਥੇ ਸ਼ਾਮਿਲ ਹੋਏ।