ਦੇਵਿੰਦਰ ਸਿੰਘ ਜੱਗੀ
ਪਾਇਲ, 14 ਫਰਵਰੀ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਰਾਣਾ ਰਣਜੀਤ ਸਿੰਘ ਧਾਲੀਵਾਲ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਸਰਕਾਰ ਦੀ ਸ਼ਹਿ ‘ਤੇ ਪੁਲੀਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕਰਨ ਅਤੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਣ ਦੇ ਦੋਸ਼ ਲਾਏ ਹਨ। ਰਾਣਾ ਰਣਜੀਤ ਸਿੰਘ ਧਾਲੀਵਾਲ ਨੇ ਐੱਸਡੀਐੱਮ ਵੱਲੋਂ ਜਾਰੀ ਹੋਏ ਪੋਲਿੰਗ ਏਜੰਟ ਦਾ ਪਾਸ ਦਿਖਾਉਂਦਿਆਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਪਾਸ ਹੋਣ ਦੇ ਬਾਵਜੂਦ ਵੀ ਪੋਲਿੰਗ ਬੂਥ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਇੱਥੋਂ ਤੱਕ ਕਿ ਆਪਣੀ ਬਿਰਧ ਦਾਦੀ ਦੀ ਵੋਟ ਪਵਾਉਣ ਦੀ ਸਹਾਇਤਾ ਕਰਨ ਸਮੇਂ ਵੀ ਪੁਲੀਸ ਪ੍ਰਸ਼ਾਸਨ ਵੱਲੋਂ ਕਾਂਗਰਸੀਆਂ ਦੇ ਇਸ਼ਾਰੇ ‘ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਦੂਸਰੇ ਪਾਸੇ ‘ਆਪ’ ਦੇ ਉਮੀਦਵਾਰਾਂ ਨਾਲ ਪੁਲੀਸ ਪ੍ਰਸ਼ਾਸਨ ਵੱਲੋਂ ਕੀਤੀ ਧੱਕੇਸ਼ਾਹੀ ਦਾ ਵਿਰੋਧ ਕਰਦਿਆਂ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਕਾਂਗਰਸੀ ਉਮੀਦਵਾਰਾਂ ਅਤੇ ਹਲਕਾ ਵਿਧਾਇਕ ਦੇ ਪੀਏ ਦਾ ਜਦੋਂ ਅਸੀਂ ਪੋਲਿੰਗ ਬੂਥਾਂ ਦੇ ਅੰਦਰ ਜਾਣ ਦਾ ਵਿਰੋਧ ਕੀਤਾ ਤਾਂ ਪ੍ਰਸ਼ਾਸਨ ਵੱਲੋਂ ਘਟੀਆ ਵਿਵਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਥਿਤੀ ਨੂੰ ਸੰਭਾਲਦਿਆਂ ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਵੱਲੋਂ ਜਾਂਚ ਕਰਨ ਦਾ ਭਰੋਸਾ ਦਿਵਾਇਆ ਗਿਆ। ਜੇਕਰ ਸਰਕਾਰ ਨੇ ਇਸ ਤਰ੍ਹਾਂ ਚੋਣਾਂ ਕਰਵਾਉਣੀਆਂ ਸਨ ਤਾਂ ਲੋਕਾਂ ਦੇ ਟੈਕਸਾਂ ਦੇ ਪੈਸੇ ਦੀ ਬਰਬਾਦੀ ਕਿਉਂ ਕੀਤੀ ਜਾ ਰਹੀ ਹੈ। ਸਰਕਾਰ ਸਿੱਧੇ ਤੌਰ ‘ਤੇ ਕਾਂਗਰਸੀ ਉਮੀਦਵਾਰਾਂ ਨੂੰ ਜੇਤੂ ਐਲਾਨ ਦਿੰਦੀ। ਜਦੋਂ ਇਸ ਸਬੰਧੀ ਡੀਐੱਸਪੀ ਹਰਦੀਪ ਸਿੰਘ ਚੀਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਗਿਆ। ਵੋਟਾਂ ਦਾ ਕੰਮ ਪੂਰੇ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਹੈ।