ਖੰਨਾ: ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਖੰਨਾ ਹਲਕਾ ਤੋਂ ਸਾਂਝੇ ਉਮੀਦਵਾਰ ਜਸਦੀਪ ਕੌਰ ਯਾਦੂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕਰਦਿਆਂ ਦੁਕਾਨਦਾਰਾਂ ਨੂੰ ਆਉਂਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਬੀਬੀ ਯਾਦੂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆ ਕਾਰਨ ਪੰਜਾਬ ਦੇ ਦੁਕਾਨਦਾਰਾਂ ਦੇ ਕਾਰੋਬਾਰ ਬੰਦ ਹੋਣ ਕਿਨਾਰੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਆਉਣ ’ਤੇ ਦੁਕਾਨਦਾਰਾਂ ਦੇ ਹਿਤੈਸ਼ੀ ਫੈਸਲੇ ਲਏ ਜਾਣਗੇ ਤਾਂ ਜੋ ਵਪਾਰੀ ਵਰਗ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਸਕੇ। ਯਾਦੂ ਨੇ ਕਿਹਾ ਕਿ ਆਪਣੇ ਚੋਣ ਮਨੋਰਥ ਪੱਤਰ ’ਚ ਦੁਕਾਨਦਾਰਾਂ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਇਸ ਮੌਕੇ ਜਥੇਦਾਰ ਦਵਿੰਦਰ ਸਿੰਘ ਖੱਟੜਾ, ਰਾਜਿੰਦਰ ਸਿੰਘ ਜੀਤ, ਸਤੀਸ਼ ਵਰਮਾ, ਰਣਬੀਰ ਸਿੰਘ ਖੱਟੜਾ, ਮੋਹਣ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ