ਸੰਤੋਖ ਗਿੱਲ
ਗੁਰੂਸਰ ਸੁਧਾਰ, 14 ਜੂਨ
ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਜਾਰੀ ਲੜੀਵਾਰ ਧਰਨੇ ਦੌਰਾਨ ਮਨੁੱਖੀ ਅਧਿਕਾਰਾਂ ਦੀ ਰਾਖੀ, ਧਾਰਮਿਕ ਅਤੇ ਬੋਲਣ ਦੀ ਅਜ਼ਾਦੀ ਲਈ ਕੁਰਬਾਨੀ ਕਰਨ ਵਾਲੇ ਮਹਾਨ ਸ਼ਹੀਦ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਸੱਚ ਦੇ ਮਾਰਗ ਉੱਪਰ ਚੱਲਣ ਦਾ ਪ੍ਰਣ ਦੁਹਰਾਇਆ ਗਿਆ। ਇਸ ਮੌਕੇ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਾਈ ਗਈ ਅਤੇ ਧਰਨੇ ਦੀ ਅਗਵਾਈ ਅਮਨਦੀਪ ਕੌਰ, ਸੁਖਵਿੰਦਰ ਕੌਰ ਅਤੇ ਜਸਪ੍ਰੀਤ ਕੌਰ ਨੇ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਪ੍ਰੋਫੈਸਰ ਜੈਪਾਲ ਸਿੰਘ ਅਤੇ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਹੁਣ ਖੇਤੀ ਉੱਪਰ ਮਿਲਦੀ ਸਬਸਿਡੀ ਖ਼ਤਮ ਕਰਨ ਲਈ ਰਾਹ ਮੋਕਲਾ ਕਰ ਰਹੀ ਹੈ। ਜਦਕਿ ਘਾਟੇ ਦਾ ਖੇਤੀ ਧੰਦਾ ਬਗੈਰ ਸਬਸਿਡੀ ਸੰਭਵ ਹੀ ਨਹੀਂ ਹੈ। ਕਿਸਾਨ ਆਗੂਆਂ ਨੇ ਦਿੱਲੀ ਦੀਆਂ ਸਰਹੱਦਾਂ ਅਤੇ ਦੇਸ਼ ਭਰ ਵਿੱਚ ਜਾਰੀ ਕਿਸਾਨ ਮੋਰਚਿਆਂ ਵਿੱਚ ਲੋਕਾਂ ਨੂੰ ਵੱਡੇ ਪੱਧਰ ਉੱਤੇ ਹਾਜ਼ਰੀ ਭਰਨ ਦੀ ਅਪੀਲ ਕੀਤੀ। ਉੱਧਰ ਲੁਧਿਆਣਾ ਬਠਿੰਡਾ ਰਾਜ ਮਾਰਗ ਦੇ ਹਿੱਸੋਵਾਲ-ਰਕਬਾ ਟੌਲ ਪਲਾਜ਼ਾ ਉੱਪਰ ਮੋਰਚੇ ਦੌਰਾਨ ਵੀ ਕਿਸਾਨਾਂ ਨੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।
ਜਗਰਾਉਂ(ਜਸਬੀਰ ਸਿੰਘ ਸ਼ੇਤਰਾ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਇਥੇ ਰੇਲਵੇ ਪਾਰਕ ’ਚ ਚੱਲ ਰਹੇ ਕਿਸਾਨ ਮੋਰਚੇ ’ਚ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਨੂੰ ਸਿਜਦਾ ਕੀਤਾ ਗਿਆ। ਇਸ ਮੌਕੇ ਸੁਰਜੀਤ ਦੌਧਰ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂਆਂ ਗੁਰਮੇਲ ਸਿੰਘ ਭਰੋਵਾਲ ਅਤੇ ਗੁਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਦੀ ਸ਼ਹਾਦਤ ਨੇ ਝੂਠ ਤੇ ਪਾਖੰਡ ਨੂੰ ਬੇਪਰਦ ਕੀਤਾ। ਗੁਰੂ ਸਾਹਿਬ ਦੀ ਸੱਚੀ ਸੁੱਚੀ ਸ਼ਹਾਦਤ ਤੋਂ ਪ੍ਰੇਰਨਾ ਲੈਂਦੇ ਹੋਏ ਅੱਜ ਹਜ਼ਾਰਾਂ ਕਿਸਾਨ ਦਿਲੀ ’ਚ ਹਨੇਰੀ ਝੱਖੜ ਤੇ ਮੀਂਹ ’ਚ ਉਸੇ ਸਿਦਕ ਤੇ ਸਬਰ ਨਾਲ ਬੈਠੇ ਹਨ। ਅੱਜ ਸਮੁੱਚੀ ਕਿਸਾਨ ਮਜ਼ਦੂਰ ਲਹਿਰ ਆਪਣੇ ਗੁਰੂਆਂ ਦੇ ਮਹਾਨ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਲੰਮੇ ਇਤਿਹਾਸਕ ਸੰਘਰਸ਼ ਦੇ ਮੈਦਾਨ ’ਚ ਅਡੋਲ ਡਟੀ ਹੈ। ਇਸ ਮੌਕੇ ਲਖਵੀਰ ਸਿੰਘ ਸਿੱਧੂ ਅਤੇ ਬਾਲ ਕਲਾਕਾਰ ਹਮਮਰਮਨ ਦੀਪ ਬਾਰਦੇਕੇ ਨੇ ਗੁਰੂ ਸਾਹਿਬ ਦੀ ਯਾਦ ਰੁਸ਼ਨਾਉਂਦੇ ਗੀਤ ਪੇਸ਼ ਕੀਤੇ। ਇਸ ਮੌਕੇ ਇੰਦਰਜੀਤ ਸਿੰਘ ਧਾਲੀਵਾਲ, ਜਗਦੀਸ਼ ਸਿੰਘ, ਮਦਨ ਸਿੰਘ, ਗੁਰਮੁਖ ਸਿੰਘ ਬਾਰਦੇਕੇ, ਬਲਬੀਰ ਸਿੰਘ ਅਗਵਾੜ ਲੋਪੋ, ਇਕਬਾਲ ਸਿੰਘ ਬੁੱਟਰ ਮੌਜੂਦ ਸਨ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਵੱਲੋਂ ਇਥੋਂ ਦੇ ਰੇਲਵੇ ਸਟੇਸ਼ਨ ਦੇ ਬਾਹਰ ਅਰੰਭਿਆ ਸੰਘਰਸ਼ 258ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਲਗਾਤਾਰ ਜਾਰੀ ਹੈ। ਅੱਜ ਕਿਸਾਨਾਂ ਨੇ ਸਟੇਸ਼ਨ ’ਤੇ ਹੀ ਇੱਕਠ ਕਰਕੇ ਧਰਨੇ ਦੌਰਾਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ। ਇਸ ਮੌਕੇ ਬੋਲਦਿਆਂ ਦਲਜੀਤ ਸਿੰਘ ਸਵੈਚ, ਗੁਰਦੀਪ ਸਿੰਘ ਭੱਟੀ ਤੇ ਕਸ਼ਮੀਰਾ ਸਿੰਘ ਨੇ ਕਿਹਾ ਕਿ ਕਿਸਾਨ ਲਗਾਤਾਰ ਮੋਰਚਿਆਂ ’ਤੇ ਡੱਟੇ ਹੋਏ ਹਨ ਤੇ ਜਦੋਂ ਤੱਕ ਕੇਂਦਰ ਸਰਕਾਰ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਵਾਪਸ ਨਹੀਂ ਮੁੜਨਗੇ। ਉਨ੍ਹਾਂ ਮੰਗ ਕੀਤੀ ਕਿ ਮੋਦੀ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ ਅਤੇ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਗਲਤ ਹੱਥਕੰਡੇ ਅਪਨਾਉਣਾ ਬੰਦ ਕਰੇ। ਕਿਸਾਨਾਂ ਨੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਕਿਹਾ ਕਿ ਸਾਨੂੰ ਸਰਕਾਰ ਦੀ ਸੋਧਾਂ ਵਾਲੀ ਮੰਗ ਮਨਜ਼ੂਰ ਨਹੀਂ। ਇਸ ਮੌਕੇ ਅਵਤਾਰ ਸਿੰਘ ਭੱਟੀਆਂ, ਹਵਾ ਸਿੰਘ, ਹਰਮੇਸ਼ ਸਿੰਘ, ਅਮਰਜੀਤ ਸਿੰਘ, ਦੀਦਾਰ ਸਿੰਘ, ਮੇਜਰ ਸਿੰਘ, ਜਗਦੀਸ਼ ਸਿੰਘ, ਕੁਲਵੰਤ ਸਿੰਘ, ਅਮਰੀਕ ਸਿੰਘ, ਮਨਪ੍ਰੀਤ ਸਿੰਘ, ਹਰਜੀਤ ਸਿੰਘ, ਗੁਰਮੀਤ ਸਿੰਘ, ਬਹਾਦਰ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ, ਜਗਤਾਰ ਸਿੰਘ, ਕੁਲਵਿੰਦਰ ਸਿੰਘ, ਬਲਜੀਤ ਸਿੰਘ, ਮੁਖਤਿਆਰ ਸਿੰਘ, ਮੱਘਰ ਸਿੰਘ, ਨੰਦ ਲਾਲ ਮਾਜਰੀ, ਗੁਰਦਿਆਲ ਸਿੰਘ ਹਾਜ਼ਰ ਸਨ।