ਖੇਤੀ ਕਾਨੂੰਨ: ਕਿਸਾਨੀ ਮੋਰਚਿਆਂ ’ਤੇ ਲਹਿਰਾਈਆਂ ਕਾਲੀਆਂ ਝੰਡੀਆਂ

32 ਪੱਖੇ ਲੈ ਕੇ ਜਥਾ ਦਿੱਲੀ ਪੁੱਜਾ; ਗਰਮੀਆਂ ਵਿੱਚ ਵੀ ਸੰਘਰਸ਼ ਨੂੰ ਜਾਰੀ ਰੱਖਣ ਦਾ ਅਹਿਦ

ਖੇਤੀ ਕਾਨੂੰਨ: ਕਿਸਾਨੀ ਮੋਰਚਿਆਂ ’ਤੇ ਲਹਿਰਾਈਆਂ ਕਾਲੀਆਂ ਝੰਡੀਆਂ

ਪਿੰਡ ਬੱਸੂਵਾਲ (ਰਾਏਕੋਟ) ਵਿਚ ਔਰਤਾਂ ਕੇਂਦਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੀਆਂ ਹੋਈਆਂ। -ਫੋਟੋ: ਰਾਏਕੋਟੀ

ਸਤਵਿੰਦਰ ਬਸਰਾ

ਲੁਧਿਆਣਾ, 6 ਮਾਰਚ

ਦਿੱਲੀ ਬਾਰਡਰਾਂ ’ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨ-ਮਜ਼ਦੂਰ ਸੰਘਰਸ਼ ਨੂੰ ਗਰਮੀਆਂ ਵਿੱਚ ਵੀ ਜਾਰੀ ਰੱਖਣ ਦੇ ਸੰਕਲਪ ਨਾਲ ਅੱਜ ਲੁਧਿਆਣਾ ਤੋਂ ਜਥਾ ਪੱਖੇ ਲੈ ਕੇ ਪੁੱਜਾ। ਜਥੇ ਵਿੱਚ ਸ਼ਾਮਿਲ ਇਨਕਲਾਬੀ ਕੇਂਦਰ ਅਤੇ ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਅਤੇ ਸਮੁੱਚੀਆਂ ਮਜ਼ਦੂਰ ਸੰਘਰਸ਼ ਕਮੇਟੀਆਂ ਵੱਲੋਂ ਇਸ ਮੋਰਚੇ ਦਾ ਪਹਿਲੇ ਦਿਨ ਤੋਂ ਸਮਰਥਨ ਕੀਤਾ ਜਾ ਰਿਹਾ ਹੈ। ਆਮ ਲੋਕ ਇਸ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਆਪੋ-ਆਪਣੇ ਪੱਧਰ ’ਤੇ ਸਹਿਯੋਗ ਦੇ ਰਹੇ ਹਨ।

ਸ੍ਰੀ ਜੀਰਖ ਨੇ ਕਿਹਾ ਕਿ ਖੇਤੀ ਕਾਨੂੰਨ ਸਿਰਫ਼ ਕਿਸਾਨਾਂ ਲਈ ਹੀ ਨਹੀਂ ਸਗੋਂ ਹਰ ਨਾਗਰਿਕ ਲਈ ਨੁਕਸਾਨਦਾਇਕ ਹਨ। ਇਨ੍ਹਾਂ ਦੇ ਲਾਗੂ ਹੋਣ ਨਾਲ ਪੂੰਜੀਪਤੀ ਵਸਤਾਂ ਦਾ ਆਪਣੀ ਮਰਜ਼ੀ ਦਾ ਭਾਅ ਲਾਉਣਗੇ ਅਤੇ ਸਰਕਾਰ ਚਾਹੁੰਦੇ ਹੋਏ ਵੀ ਕੁੱਝ ਨਹੀਂ ਕਰ ਸਕੇਗੀ। ਗ਼ਰੀਬ ਵਰਗ ਹੋਰ ਪੱਛੜ ਜਾਵੇਗਾ ਅਤੇ ਸਮਾਜ ਵਿੱਚ ਅਮੀਰ-ਗ਼ਰੀਬ ਦਾ ਪਾੜਾ ਕਈ ਗੁਣਾਂ ਵਧ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋਣ ਕਰ ਕੇ ਦਿੱਲੀ ਮੋਰਚਿਆਂ ’ਤੇ ਪੱਖੇ ਅਤੇ ਹੋਰ ਅਜਿਹੇ ਸਮਾਨ ਦੀ ਲੋੜ ਹੈ। ਇਸ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਉਹ ਦਿੱਲੀ ਦੇ ਬਾਰਡਰਾਂ ’ਤੇ ਪਹਿਲੀ ਕਿਸ਼ਤ ਵਜੋਂ 32 ਪੱਖੇ ਲੈ ਕੇ ਗਏ ਹਨ।

ਇਨ੍ਹਾਂ ਪੱਖਿਆਂ ਵਿੱਚ ਗੁਰਮੇਲ ਸਿੰਘ ਗਿੱਲ, ਇੰਦਰਜੀਤ ਸਿੰਘ, ਰਜਿੰਦਰ ਸਿੰਘ, ਡਾ. ਸੁਖਪਾਲ, ਮੈਡਮ ਮਧੂ ਅਤੇ ਮਾਸਟਰ ਹਰਜਿੰਦਰ ਸਿੰਘ ਨੇ ਅਹਿਮ ਯੋਗਦਾਨ ਪਾਇਆ ਹੈ।

ਰਾਏਕੋਟ (ਰਾਮ ਗੋਪਾਲ ਰਾਏਕੋਟੀ): ਸੰਯੁਕਤ ਕਿਸਾਨ ਸੰਘਰਸ ਦੇ 100 ਦਿਨ ਪੂਰੇ ਹੋਣ ’ਤੇ ਅੱਜ ਪਿੰਡ ਬੱਸੂਵਾਲ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਨੇ ਔਰਤਾਂ ਸਣੇ ਪਿੰਡ ’ਚ ਕਾਲੇ ਝੰਡੇ ਲਹਿਰਾ ਕੇ, ਕਾਲੀਆਂ ਪੱਗਾਂ ਬੰਨ੍ਹ ਕੇ, ਕਾਲੀਆਂ ਚੁੰਨੀਆਂ ਲੈ ਕੇ ਪ੍ਰਦਰਸ਼ਨ ਕੀਤਾ। ਲਖਵੀਰ ਸਿੰਘ ਬੱਸੂਵਾਲ ਦੀ ਅਗਵਾਈ ’ਚ ਪਿੰਡ ਵਿੱਚ ਹੋਈ ਰੈਲੀ ਦੌਰਾਨ ਦਿੱਲੀ ਕਿਸਾਨ ਸੰਘਰਸ਼ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੰਘਰਸ਼ ਦੀ ਜਿੱਤ ਲਈ ਹਰ ਪਿੰਡ ਵਾਸੀ ਪੂਰਾ ਤਾਣ ਲਾਵੇਗਾ। ਇਸ ਸਮੇਂ ‘ਅਸੀਂ ਲੜਾਂਗੇ, ਅਸੀਂ ਜਿੱਤਾਂਗੇ’ ਦੇ ਨਆਰੇ ਲਗਾਏ ਗਏ।

ਦੂਜੇ ਪਾਸੇ, ਰਾਏਕੋਟ ਤਹਿਸੀਲ ਕੰਪਲੈਕਸ ਵਿੱਚ ਸੀਟੂ ਕਾਰਕੁਨਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੋਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਵਿਰੋਧ ਦਿਵਸ ਮਨਾਇਆ। ਸਕੱਤਰ ਪੰਜਾਬ ਸੀਟੂ ਜਤਿੰਦਰਪਾਲ ਸਿੰਘ ਅਤੇ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਕਿਸਾਨ-ਮਜ਼ਦੂਰ ਇਕੱਠੇ ਹੋ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।

ਜਗਰਾਉਂ (ਜਸਬੀਰ ਸ਼ੇਤਰਾ): ਕਿਸਾਨ ਅੰਦੋਲਨ ਦੇ ਸੌ ਦਿਨ ਪੂਰੇ ਹੋਣ ’ਤੇ ਅੱਜ ਇੱਥੇ ਕਾਲੇ ਝੰਡੇ ਲਹਿਰਾ ਕੇ ਕਾਲਾ ਦਿਵਸ ਮਨਾਇਆ ਗਿਆ। ਸਥਾਨਕ ਰੇਲਵੇ ਪਾਰਕ ਵਿਚਲੇ ਮੋਰਚੇ ’ਚ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਮਰਦ ਕਾਲੀਆਂ ਦਸਤਾਰਾਂ ਜਦੋਂਕਿ ਔਰਤਾਂ ਕਾਲੀਆਂ ਚੁੰਨੀਆਂ ਲੈ ਕੇ ਸ਼ਾਮਲ ਹੋਈਆਂ। ਇਲਾਕੇ ਦੇ ਪਿੰਡਾਂ ’ਚ ਵੀ ਕਿਸਾਨਾਂ ਨੇ ਘਰਾਂ ’ਤੇ ਕਾਲੀਆਂ ਝੰਡੀਆਂ ਲਾ ਕੇ ਰੋਸ ਦਰਜ ਕਰਵਾਇਆ। ਅੱਜ ਪਿੰਡ ਬਿੰਜਲ ਤੋਂ ਜਗਤਾਰ ਸਿੰਘ ਤਾਰੀ, ਜਗਸੀਰ ਸਿੰਘ, ਸੁਖਦੀਪ ਸਿੰਘ ਸੁੱਖ, ਸੁਖਰਾਜ ਸਿੰਘ, ਗੁਰਮੇਲ ਸਿੰਘ, ਬਲਜਿੰਦਰ ਸਿੰਘ, ਜਗਦੇਵ ਸਿੰਘ ਡਾਂਗੀਆਂ, ਨਛੱਤਰ ਸਿੰਘ ਅਖਾੜਾ, ਸੁਰਜੀਤ ਸਿੰਘ ਅਖਾੜਾ ਭੁੱਖ ਹੜਤਾਲ ’ਤੇ ਬੈਠੇ।

ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਰਜਿੰਦਰ ਸਿੰਘ ਲੁਧਿਆਣਾ ਨੇ ਕਿਹਾ ਕਿ ਖੇਤੀ ਕਾਨੂੰਨ ਪੂੰਜੀਪਤੀਆਂ ਦਾ ਪੱਖ ਪੂਰਨ ਲਈ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਜ਼ਿੰਦਗੀ-ਮੌਤ ਦੀ ਲੜਾਈ ਹੈ, ਇਸ ਲਈ ਲੰਬਾ ਚੱਲੇਗਾ।

ਇਸ ਸਮੇਂ ਔਰਤ ਆਗੂ ਹਰਜਿੰਦਰ ਕੌਰ ਤੇ ਹੋਰ ਆਗੂਆਂ ਨੇ 8 ਮਾਰਚ ਨੂੰ ਔਰਤ ਮੁਕਤੀ ਦਿਵਸ ’ਤੇ ਬੀਬੀਆਂ ਨੂੰ ਵੱਡੀ ਗਿਣਤੀ ’ਚ ਰੇਲ ਪਾਰਕ ਜਗਰਾਉਂ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਇਪਟਾ ਮੋਗਾ ਦੀ ਟੀਮ ‘ਭੰਡ’ ਅਤੇ ‘ਰਾਜਨੀਤਕ ਕਤਲ’ ਨਾਂ ਦੇ ਨਾਟਕ ਪੇਸ਼ ਕਰੇਗੀ। ਇਸੇ ਤਰ੍ਹਾਂ ਚੌਂਕੀਮਾਨ ਟੌਲ ਪਲਾਜ਼ੇ ’ਤੇ ਚੱਲ ਰਹੇ ਧਰਨੇ ਦੌਰਾਨ ਅੱਜ ਕਾਲਾ ਦਿਵਸ ਮਨਾਇਆ ਗਿਆ।

ਖੰਨਾ (ਜੋਗਿੰਦਰ ਸਿੰਘ ਓਬਰਾਏ): ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਰੇਲਵੇ ਸਟੇਸ਼ਨ ਦੇ ਬਾਹਰ ਆਰੰਭਿਆ ਸੰਘਰਸ਼ 157ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਜਾਰੀ ਹੈ। ਭੁੱਖ ਹੜਤਾਲ ’ਤੇ 108ਵੇਂ ਦਿਨ ਰਛਪਾਲ ਸਿੰਘ ਮਾਨ ਅਤੇ ਜਸਵੀਰ ਸਿੰਘ ਚੀਮਾ ਬੈਠੇ। ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸ਼ਹਿਰ ਵਿਚ ਰੋਸ ਮਾਰਚ ਕੱਢਿਆ।

ਇਸ ਮੌਕੇ ਕਸ਼ਮੀਰਾ ਸਿੰਘ ਮਾਜਰਾ ਅਤੇ ਗੁਰਦੀਪ ਸਿੰਘ ਭੱਟੀ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ 100 ਦਿਨ ਹੋ ਗਏ ਹਨ ਪਰ ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਕੋਈ ਫ਼ਿਕਰ ਨਹੀਂ ਹੈ। ਇਸ ਮੌਕੇ ਕਿਸਾਨ-ਮਜ਼ਦੂਰਾਂ, ਦੁਕਾਨਦਾਰਾਂ, ਨੌਕਰੀਪੇਸ਼ਾ ਅਤੇ ਸਾਬਕਾ ਸੈਨਿਕ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਲਾਗੂ ਹੋਣ ਨਾਲ ਸਾਰਾ ਸਮਾਜ ਗ਼ਰੀਬੀ ਦੇ ਹੇਠ ਆ ਜਾਵੇਗਾ।

ਪੀੜਤ ਪਰਿਵਾਰ ਨੂੰ ਚੈੱਕ ਸੌਂਪਦੇ ਹੋਏ ਹਰਜਤਿੰਦਰ
ਸਿੰਘ ਬਾਜਵਾ ਤੇ ਹੋਰ ਆਗੂ। 

ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਚੈੱਕ ਭੇਟ

ਸਮਰਾਲਾ (ਡੀਪੀਐੱਸ ਬੱਤਰਾ): ਕਿਸਾਨ ਸੰਘਰਸ਼ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਪਿੰਡ ਟੋਡਰਪੁਰ ਦੇ ਕਿਸਾਨ ਹਰਬੰਸ ਸਿੰਘ ਦੇ ਪਰਿਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਲਈ ਇੱਕ ਲੱਖ ਰੁਪਏ ਦੀ ਮਾਲੀ ਮਦਦ ਭੇਜੀ ਗਈ ਹੈ। ਪੀੜਤ ਪਰਿਵਾਰ ਨੂੰ ਚੈੱਕ ਸੌਂਪਦਿਆਂ ਸੀਨੀਅਰ ਅਕਾਲੀ ਆਗੂ ਹਰਜਤਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਘਰਸ਼ ਕਰਦੇ ਕਿਸਾਨਾਂ ਦੇ ਦੁੱਖ-ਸੁੱਖ ਵਿਚ ਭਾਈਵਾਲ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ ਸਿਰਮੌਰ ਸੰਸਥਾ ਕਿਸਾਨਾਂ ਪ੍ਰਤੀ ਬਣਦਾ ਆਪਣਾ ਫਰਜ਼ ਭਵਿੱਖ ਵਿਚ ਵੀ ਇਸੇ ਤਰ੍ਹਾਂ ਨਿਭਾਉਂਦੀ ਰਹੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਜਥੇਦਾਰ ਸੰਤਾ ਸਿੰਘ ਉਮੇਦਪੁਰੀ, ਜਗਜੀਵਨ ਸਿੰਘ ਖੀਰਨੀਆਂ, ਪਰਮਜੀਤ ਸਿੰਘ ਢਿੱਲੋਂ , ਚੇਅਰਮੈਨ ਅਮਰੀਕ ਸਿੰਘ ਹੇੜੀਆਂ ਅਤੇ ਦਲਵੀਰ ਸਿੰਘ ਕੰਗ ਵੀ ਹਾਜ਼ਰ ਸਨ।

ਮਹਿਲਾ ਦਿਵਸ ਦੀਆਂ ਤਿਆਰੀਆਂ ਲਈ ਨਾਟਕਾਂ ਦਾ ਮੰਚਨ

ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਸਾਨ ਮੋਰਚਿਆਂ ’ਤੇ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਮਨਾਉਣ ਲਈ ਪਿੰਡਾਂ ਵਿਚ ਤਿਆਰੀਆਂ ਜਾਰੀ ਹਨ। ਪਿੰਡ ਨੂਰਪੁਰਾ ਅਤੇ ਕਲਸੀਆਂ ਵਿਚ ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਕੀਤੇ ਇਕੱਠਾਂ ਦੌਰਾਨ ਡਾ. ਸੋਮਪਾਲ ਹੀਰਾ ਦੀ ਨਿਰਦੇਸ਼ਨਾ ਹੇਠ ‘ਮੈਂ ਦਿੱਲੀ ਤੋਂ ਦੁੱਲਾ ਬੋਲਦਾ ਹਾਂ’ ਅਤੇ ‘ਲੀਰਾਂ’ ਨਾਟਕਾਂ ਦਾ ਮੰਚਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ ਅਤੇ ਚਰਨ ਸਿੰਘ ਨੂਰਪੁਰਾ ਨੇ ਕਿਹਾ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਪਹਿਲਾਂ ਪੰਜਾਬ ਵਿਚ ਅਤੇ ਹੁਣ ਪਿਛਲੇ 100 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਪਰ ਚੱਲ ਰਹੇ ਘੋਲ ਵਿਚ ਔਰਤਾਂ ਦੀ ਵੱਡੀ ਸ਼ਮੂਲੀਅਤ ਨੇ ਵਿਲੱਖਣ ਯੋਗਦਾਨ ਪਾਇਆ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 8 ਮਾਰਚ ਨੂੰ ਟਿਕਰੀ ਸਰਹੱਦ ’ਤੇ ਕੌਮਾਂਤਰੀ ਮਹਿਲਾ ਦਿਵਸ ਸਮਾਗਮ ਵਿਚ 1 ਲੱਖ ਤੋਂ ਵਧੇਰੇ ਔਰਤਾਂ ਦੀ ਸ਼ਮੂਲੀਅਤ ਲਈ ਬੰਦੋਬਸਤ ਕੀਤੇ ਜਾ ਰਹੇ ਹਨ। ਅੱਜ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਉੱਪਰ ਵੀ ਕਿਸਾਨਾਂ-ਮਜ਼ਦੂਰਾਂ ਅਤੇ ਔਰਤਾਂ ਦਾ ਭਾਰੀ ਇਕੱਠ ਹੋਇਆ। ਇਸੇ ਤਰ੍ਹਾਂ ਲੁਧਿਆਣਾ-ਬਠਿੰਡਾ ਮਾਰਗ ਉੱਪਰ ਕਿਸਾਨਾਂ-ਮਜ਼ਦੂਰਾਂ ਦਾ ਧਰਨਾ ਜਾਰੀ ਰਿਹਾ। ਦਿੱਲੀ ਸਰਹੱਦਾਂ ਉੱਪਰ ਮੋਰਚੇ ਵਿਚ ਵਾਰੀ ਸਿਰ ਜਾਣ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਮੋਰਚੇ ਵਿਚ ਡਟੇ ਕਿਸਾਨਾਂ ਦੀ ਹਾੜ੍ਹੀ ਦੀ ਫ਼ਸਲ ਵੱਢਣ ਅਤੇ ਮੰਡੀ ਤੱਕ ਅਨਾਜ ਪਹੁੰਚਾਉਣ ਦੀਆਂ ਜ਼ਿੰਮੇਵਾਰੀਆਂ ਲਈ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਮਜ਼ਦੂਰਾਂ ਨੇ ਕਾਲੇ ਝੰਡੇ ਲਹਿਰਾਏ

ਖੰਨਾ: ਖੇਤੀ ਕਾਨੂੰਨਾਂ ਖ਼ਿਲਾਫ਼ ਪੱਲੇਦਾਰ ਮਜ਼ਦੂਰਾਂ ਨੇ ਮਾਰਕਫੈੱਡ ਗੁਦਾਮ ਵਿਚ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੀ ਅਗਵਾਈ ਹੇਠ ਕਾਲੇ ਝੰਡਿਆਂ ਨਾਲ ਰੋਸ ਰੈਲੀ ਕੱਢੀ। ਅਵਤਾਰ ਸਿੰਘ ਭੱਟੀਆ ਨੇ ਕਿਹਾ ਕਿ ਮੋਦੀ ਸਰਕਾਰ ਕੁਝ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨ, ਮਜ਼ਦੂਰ, ਮੁਲਾਜ਼ਮ ਮਾਰੂ ਨੀਤੀਆਂ ਅਪਣਾ ਕੇ ਆਮ ਲੋਕਾਂ ਦਾ ਗਲਾ ਘੁੱਟਣਾ ਚਾਹੁੰਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All