ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 10 ਫਰਵਰੀ
ਚੌਂਕੀਮਾਨ ਟੌਲ ਅਤੇ ਰੇਲਵੇ ਪਾਰਕ ਧਰਨਿਆਂ ਵਿੱਚ ਬੁਲਾਰਿਆਂ ਨੇ ਜਗਰਾਉਂ ਵਿਚ 11 ਫਰਵਰੀ ਨੂੰ ਹੋ ਰਹੀ ਮਹਾਪੰਚਾਇਤ ਸਬੰਧੀ ਧਰਨਾਕਾਰੀਆਂ ਨੂੰ ਘਰ-ਘਰ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ।
ਮਜ਼ਦੂਰ ਆਗੂ ਕੰਵਲਜੀਤ ਖੰਨਾ, ਹਰਬੰਸ ਅਖਾੜਾ, ਧਰਮ ਸਿੰਘ ਸੂਜਾਪੁਰ, ਮਹਿੰਦਰ ਕਮਲਾਪੁਰਾ, ਰਮਿੰਦਰਜੀਤ ਸਿੰਘ ਆਦਿ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਿਸਾਨੀ ਘੋਲ ਜਿੱਤ ਦੇ ਨੇੜੇ ਪਹੁੰਚ ਗਿਆ ਹੈ। ਸਰਕਾਰ ਨੇ ਸਾਰੇ ਹੱਥਕੰਡੇ ਵਰਤ ਕੇ ਦੇਖ ਲਏ ਹਨ ਪਰ ਕੁੱਝ ਵੀ ਹੱਥ-ਪੱਲੇ ਨਹੀਂ ਲੱਗਿਆ ਹੈ। ਲੋਕਾਂ ਦਾ ਸਮੂਹ ਵੱਡੀਆਂ-ਵੱਡੀਆਂ ਸਰਕਾਰਾਂ ਤੇ ਤਾਕਤਾਂ ਦਾ ਮੂੰਹ ਮੋੜਨ ਦੀ ਸਮਰੱਥਾ ਰੱਖਦਾ ਹੈ। ਮੋਦੀ ਟੋਲਾ ਜਿਹੜਾ ਵੀ ਦਾਅ ਭੋਲੇ-ਭਾਲੇ ਕਿਸਾਨ ਮਜ਼ਦੂਰਾਂ ਨਾਲ ਖੇਡਦਾ ਹੈ ਉਹ ਉਨ੍ਹਾਂ ’ਤੇ ਹੀ ਪੁੱਠਾ ਪੈਂਦਾ ਹੈ। ਚੌਂਕੀਮਾਨ ਟੌਲ ’ਤੇ ਜੁੱੜੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਵਤਾਰ ਰਸੂਲਪੁਰ, ਸੁਖਵਿੰਦਰ ਹੰਭੜਾਂ, ਚਰਨ ਸਰਾਭਾ, ਗੁਰਮੇਲ ਭਰੋਵਾਲ, ਸੁਖਦੇਵ ਭੂੰਦੜੀ, ਸਤਨਾਮ ਮੋਰਕਰੀਮਾਂ ਨੇ ਆਖਿਆ ਆਓ ਮੋਦੀ ਹਕੂਮਤ ਦੇ ਰਹਿੰਦੇ ਭਰਮ ਵੀ ਮਹਾਪੰਚਾਇਤ ਨੂੰ ਸਫਲ ਕਰ ਕੇ ਕੱਢ ਦੇਈਏ ਅਤੇ ਪੰਜਾਬ ਦੀ ਧਰਤੀ ਤੋਂ ਸ਼ੁਰੂ ਕੀਤਾ ਇਹ ਸੰਘਰਸ਼ ਜਿੱਤ ਕੇ ਦੇਸ਼ ਦੇ ਕਿਰਤੀ ਲਾਣੇ ਨੂੰ ਕਾਰਪੋਰੇਟ ਘਰਾਣਿਆਂ ਤੋਂ ਮੁਕਤ ਕਰਵਾਈਏ। ਉਨ੍ਹਾਂ ਆਖਿਆ ਕਿ ਕਿਸਾਨੀ ਅੰਦੋਲਨ ਨੂੰ ਮਿਲ ਰਹੇ ਸੰਸਾਰ ਪੱਧਰੀ ਸਹਿਯੋਗ ਅਤੇ ਹਮਾਇਤ ਨੇ ਮੋਦੀ ਹਕੂਮਤ ਦੇ ਤਖ਼ਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਮਾਛੀਵਾੜਾ ਸਾਹਿਬ ਯੂਥ ਵੈੱਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਅੱਜ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਕਾਲੇ ਕਾਨੂੰਨਾਂ ਖ਼ਿਲਾਫ਼ ਇੱਕ ਦਿਨਾ ਭੁੱਖ ਹੜਤਾਲ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਭੁੱਖ ਹੜਤਾਲੀਆਂ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਇਹ ਕਾਨੂੰਨ ਜਲਦ ਰੱਦ ਕੀਤੇ ਜਾਣ। ਭੁੱਖ ਹੜਤਾਲ ’ਤੇ ਬੈਠੇ ਕਲੱਬ ਦੇ ਮੁੱਖ ਸਰਪ੍ਰਸਤ ਹਰਿੰਦਰਮੋਹਨ ਸਿੰਘ ਕਾਲੜਾ, ਚੇਅਰਮੈਨ ਸ਼ਿਵ ਕੁਮਾਰ ਸ਼ਿਵਲੀ, ਪ੍ਰਧਾਨ ਨਿਤਿਨ ਜੈਨ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ, ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਸਰਪ੍ਰਸਤ ਸੋਹਣ ਲਾਲ ਸ਼ੇਰਪੁਰੀ, ਪ੍ਰਦੇਸ਼ ਸਕੱਤਰ ਸ਼ਕਤੀ ਆਨੰਦ, ਆੜ੍ਹਤੀ ਗੁਰਨਾਮ ਸਿੰਘ ਨਾਗਰਾ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਤੋਂ ਇਲਾਵਾ ਦੁਨੀਆ ’ਚ ਕਿਸਾਨੀ ਨਾਲ ਜੁੜਿਆ ਹਰੇਕ ਵਿਅਕਤੀ ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਦੀ ਨਿੰਦਾ ਕਰ ਕੇ ਰੱਦ ਕਰਨ ਦੀ ਮੰਗ ਕਰ ਰਿਹਾ ਹੈ ਪਰ ਹੰਕਾਰ ’ਚ ਆਈ ਮੋਦੀ ਸਰਕਾਰ ਨੂੰ ਲੋਕਾਂ ਦਾ ਦਰਦ ਦਿਖਾਈ ਨਹੀਂ ਦੇ ਰਿਹਾ। ਉਕਤ ਆਗੂਆਂ ਨੇ ਕਿਹਾ ਕਿ ਅੱਜ ਇੱਕ ਦਿਨਾ ਭੁੱਖ ਹੜਤਾਲ ’ਚ ਲੋਕਾਂ ਦੀ ਵੱਡੀ ਸ਼ਮੂਲੀਅਤ ਇਹ ਦਰਸਾ ਰਹੀ ਹੈ ਕਿ ਹਰੇਕ ਵਰਗ ਇਹ ਕਾਲੇ ਕਾਨੂੰਨ ਰੱਦ ਕਰਵਾਉਣਾ ਚਾਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ 26 ਜਨਵਰੀ ਨੂੰ ਅੰਦੋਲਨ ਕਰ ਰਹੇ ਜਿਨ੍ਹਾਂ ਕਿਸਾਨਾਂ ਨੂੰ ਦਿੱਲੀ ਵਿੱਚ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ਦੀ ਤੁਰੰਤ ਰਿਹਾਈ ਕੀਤੀ ਜਾਵੇ ਅਤੇ ਕਿਸਾਨ ਸੰਯੁਕਤ ਮੋਰਚੇ ਨਾਲ ਗੱਲਬਾਤ ਕਰ ਕੇ ਇਹ ਖੇਤੀ ਕਾਨੂੰਨ ਰੱਦ ਕੀਤੇ ਜਾਣ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁਮਾਰ ਕੁੰਦਰਾ, ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ, ਸਾਬਕਾ ਪ੍ਰਧਾਨ ਦਲਜੀਤ ਸਿੰਘ ਗਿੱਲ, ਜਥੇਦਾਰ ਮਨਮੋਹਣ ਸਿੰਘ ਖੇੜਾ, ਅਰਵਿੰਦਰਪਾਲ ਸਿੰਘ ਵਿੱਕੀ, ਪ੍ਰਿੰ. ਬਲਜਿੰਦਰ ਸਿੰਘ ਤੂਰ, ਹਰਪ੍ਰੀਤ ਸਿੰਘ ਮਾਂਗਟ, ਪਰਮਿੰਦਰ ਸਿੰਘ ਤਿਵਾੜੀ, ਲੈਕਚਰਾਰ ਸਵਰਨ ਸਿੰਘ ਛੌੜੀਆਂ, ਰਾਜਵਿੰਦਰ ਸਮਰਾਲਾ, ਅਸ਼ੋਕ ਭਾਟੀਆ ਤੋਂ ਇਲਾਵਾ ਨੈਸ਼ਨਲ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ।
ਅੱਜ ਹੋਣ ਵਾਲੀ ਮਹਾਪੰਚਾਇਤ ਲਈ ਕਿਸਾਨਾਂ ਸਮੇਤ ਹਰ ਵਰਗ ਵਿੱਚ ਭਾਰੀ ਉਤਸ਼ਾਹ
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੱਲ ਰਹੇ ਲੜੀਵਾਰ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ 11 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲੇ ਕਾਨੂੰਨ ਵਾਪਸ ਕਰਵਾਉਣ ਅਤੇ ਕਾਰਪੋਰੇਟ ਘਰਾਨਿਆਂ ਦੀ ਲੁੱਟ ਵਿਰੁੱਧ ਜਗਰਾਉਂ ਦਾਣਾ ਮੰਡੀ ਵਿੱਚ ਵਿਸ਼ਾਲ ਕਿਸਾਨ ਮਹਾ ਪੰਚਾਇਤ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਹਰ ਪਿੰਡ ਤੋਂ ਵੱਡੀ ਗਿਣਤੀ ਕਿਸਾਨ ਮਹਾਪੰਚਾਇਤ ਵਿਚ ਭਾਗ ਲੈਣਗੇ। ਧਰਨੇ ਦੀ ਅਗਵਾਈ ਪਰਮਜੀਤ ਕੌਰ, ਕੁਲਜੀਤ ਕੌਰ ਗਰੇਵਾਲ, ਅਮਨਦੀਪ ਕੌਰ, ਰਜਿੰਦਰ ਕੌਰ ਅਤੇ ਸੁਖਵਿੰਦਰ ਕੌਰ ਨੇ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਗੁਰਮੇਲ ਸਿੰਘ ਰੂਮੀ, ਅਮਰਜੀਤ ਸਿੰਘ ਸ਼ਹਿਜ਼ਾਦ, ਨੌਜਵਾਨ ਆਗੂ ਹਰਨੇਕ ਸਿੰਘ ਗੁੱਜਰਵਾਲ ਅਤੇ ਸੁਖਮਿੰਦਰ ਸਿੰਘ ਮਹਿਮਾ ਸਿੰਘ ਵਾਲਾ ਨੇ ਸੰਬੋਧਨ ਕੀਤਾ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ ਅਤੇ ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਆਗੂ ਚਰਨ ਸਿੰਘ ਨੂਰਪੁਰਾ ਨੇ ਦੱਸਿਆ ਕਿ ਅੱਜ ਇਲਾਕੇ ਦੇ ਦਰਜਨਾਂ ਪਿੰਡਾਂ ਵਿਚ ਜਥਾ ਮਾਰਚ ਕਰ ਕੇ ਗੁਰੂ ਘਰਾਂ ਵਿੱਚ ਸਿਰਫ਼ ਕਿਸਾਨਾਂ ਨੂੰ ਹੀ ਨਹੀਂ ਸਗੋਂ ਹਰ ਵਰਗ ਦੇ ਲੋਕਾਂ ਨੂੰ ਮਹਾ ਪੰਚਾਇਤ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ ਗਿਆ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਪਿੰਡਾਂ ਵਿਚ ਕਿਸਾਨਾਂ, ਮਜ਼ਦੂਰਾਂ ਤੋਂ ਇਲਾਵਾ ਮੁਲਾਜ਼ਮ, ਦੁਕਾਨਦਾਰ, ਔਰਤਾਂ, ਬੱਚੇ ਅਤੇ ਨੌਜਵਾਨ ਵੀ ਮਹਾ ਪੰਚਾਇਤ ਵਿਚ ਸ਼ਾਮਲ ਲਈ ਭਾਰੀ ਉਤਸ਼ਾਹ ਦਿਖਾ ਰਹੇ ਹਨ। ਕਿਸਾਨ ਆਗੂ ਸੰਦੀਪ ਸਿੰਘ ਮਲਕਪੁਰ, ਬਿਕਰਮਜੀਤ ਸਿੰਘ ਥਰੀਕੇ, ਅਜੀਤ ਸਿੰਘ ਦਾਖਾ, ਰਣਜੀਤ ਸਿੰਘ, ਭਰਪੂਰ ਸਿੰਘ, ਨਿਰਮਲ ਸਿੰਘ, ਪਲਵਿੰਦਰ ਸਿੰਘ ਅਤੇ ਹਿੰਮਤ ਸਿੰਘ ਨੇ ਦੱਸਿਆ ਕਿ ਕਸਬਿਆਂ ਅਤੇ ਸ਼ਹਿਰਾਂ ਦੇ ਛੋਟੇ ਵਪਾਰੀ, ਰੇਹੜੀ-ਫੜ੍ਹੀ ਵਾਲੇ ਤੋਂ ਲੈ ਕੇ ਟਰੱਕ ਯੂਨੀਅਨਾਂ, ਟੈਂਪੂ ਯੂਨੀਅਨਾਂ ਅਤੇ ਹਰ ਤਬਕੇ ਦੇ ਲੋਕ ਕਮਰਕੱਸੇ ਕਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਵੱਡੇ ਕਿਸਾਨ ਆਗੂਆਂ ਦੇ ਰੂਬਰੂ ਹੋਣ ਲਈ ਲੋਕਾਂ ਵਿਚ ਉਤਸ਼ਾਹ ਹੈ।
ਸਮਰਾਲਾ (ਡੀਪੀਐੱਸ ਬੱਤਰਾ): ਜਗਰਾਉਂ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਸੱਦੀ ਗਈ ਮਹਾਪੰਚਾਇਤ ’ਚ ਸ਼ਮੂਲੀਅਤ ਕਰਨ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਮਹਾਪੰਚਾਇਤ ਵਿੱਚ ਪੁੱਜਣ ਲਈ ਪ੍ਰੇਰਣ ਵਾਸਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਬਲਾਕਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਸਬੰਧ ਵਿੱਚ ਅੱਜ ਇੱਥੇ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਅਹੁਦੇਦਾਰਾਂ ਦੀ ਹੋਈ। ਮੀਟਿੰਗ ਦੌਰਾਨ ਇਲਾਕੇ ਦੇ ਕਿਸਾਨਾਂ ਨੂੰ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਸਥਾਨਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਵਿਖੇ ਜਥੇਬੰਦੀ ਦੇ ਆਗੂ ਤਿਰਬਤ ਸਿੰਘ ਮੁਸ਼ਕਾਬਾਦ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਭਲਕੇ ਜਗਰਾਉਂ ਵਿੱਚ ਸੱਦੀ ਗਈ ਕਿਸਾਨ ਮਹਾਪੰਚਾਇਤ ਵਿੱਚ ਹਰ ਵਰਗ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।