ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਫਰਵਰੀ
ਪੀ.ਏ.ਯੂ. ਨੇ ਅੱਜ ਪਰਾਲੀ ਦੀ ਸੰਭਾਲ ਕਰਨ ਵਾਲੀ ਟੈਕਨਾਲੋਜੀ ਸਮਾਰਟ ਸੀਡਰ ਦੇ ਵਪਾਰੀਕਰਨ ਲਈ ਪੰਜ ਫਰਮਾਂ ਨਾਲ ਸਮਝੌਤਾ ਕੀਤਾ ਹੈ। ਇਨ੍ਹਾਂ ਵਿੱਚ ਪਟਿਆਲਾ ਦੀ ਜੀਐੱਸਏ ਇੰਡਰਸਟਰੀਜ਼, ਅੰਮ੍ਰਿਤਸਰ ਦੀ ਕੰਬੋਜ ਮਕੈਨੀਕਲ ਵਰਕਸ, ਲੁਧਿਆਣਾ ਦੀ ਮੈਸ. ਨੈਸ਼ਨਲ ਐਗਰੋ ਇੰਡਸਟਰੀਜ਼, ਸੰਗਰੂਰ ਦੀ ਮੈਸ. ਦਸ਼ਮੇਸ਼ ਮਕੈਨੀਕਲ ਵਰਕਸ ਅਤੇ ਜਲੰਧਰ ਦੀ ਮੈਸ. ਗੁਰੂ ਨਾਨਕ ਐਗਰੀ. ਵਰਕਸ ਪ੍ਰਮੁੱਖ ਹਨ। ਇਸ ਮੌਕੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ, ਅਪਰ ਨਿਰਦੇਸ਼ਕ ਖੋਜ (ਖੇਤੀ ਮਸ਼ੀਨਰੀ ਅਤੇ ਜੈਵਿਕ ਊਰਜਾ) ਡਾ. ਗੁਰਸਾਹਿਬ ਸਿੰਘ ਮਨੇਸ ਨੇ ਇਸ ਟੈਕਨਾਲੋਜੀ ਨੂੰ ਵਿਕਸਿਤ ਕਰਨ ਵਾਲੇ ਮਾਹਿਰਾਂ ਡਾ. ਰਾਜੇਸ਼ ਗੋਇਲ, ਡਾ. ਮਨਪ੍ਰੀਤ ਸਿੰਘ ਨੂੰ ਵਧਾਈ ਦਿੱਤੀ । ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਦੇ ਮੁਖੀ ਡਾ. ਮਹੇਸ਼ ਨਾਰੰਗ ਨੇ ਦੱੱਸਿਆ ਕਿ ਪੀ.ਏ.ਯੂ. ਸਮਾਰਟ ਸੀਡਰ ਢੁੱਕਵੇਂ ਤਰੀਕੇ ਨਾਲ ਹੈਪੀਸੀਡਰ ਅਤੇ ਸੁਪਰਸੀਡਰ ਦਾ ਕਾਰਜ ਇੱਕੋ ਮਸ਼ੀਨ ਵਿੱਚ ਕਰਨ ਦੀ ਯੋਗਤਾ ਵਾਲੀ ਟੈਕਨਾਲੋਜੀ ਹੈ ਜੋ ਝੋਨੇ ਦੀ ਪਰਾਲੀ ਨੂੰ ਕੱਟ ਕੇ ਜ਼ਮੀਨ ’ਤੇ ਵਿਛਾ ਦਿੰਦੀ ਹੈ। ਪੀ.ਏ.ਯੂ. ਸਮਾਰਟ ਸੀਡਰ ਇਸ ਦੇ ਨਾਲ-ਨਾਲ ਕਣਕ ਦੀ ਬਿਜਾਈ ਸਿਆੜਾ ਵਿੱਚ ਕਰਕੇ ਉਨ੍ਹਾਂ ਨੂੰ ਮਿੱਟੀ ਨਾਲ ਢਕਣ ਦੇ ਕਾਰਜ ਨਾਲ ਵੀ ਭਰਪੂਰ ਹੈ। ਉਨ੍ਹਾਂ ਇਹ ਵੀ ਕਿਹਾ 2021 ਵਿੱਚ ਪੀ.ਏ.ਯੂ. ਵੱਲੋਂ ਪਰਾਲੀ ਦੀ ਸੰਭਾਲ ਲਈ ਕਾਰਪੋਰੇਟ ਸੋਸ਼ਲ ਜ਼ਿੰਮੇਵਾਰੀ ਪ੍ਰਾਜੈਕਟ ਤਹਿਤ ਕੀਤੀਆਂ ਕੋਸ਼ਿਸ਼ਾਂ ਸਦਕਾ 200 ਹੈਕਟੇਅਰ ਦੇ ਕਰੀਬ ਰਕਬਾ ਸਮਾਰਟ ਸੀਡਰ ਨਾਲ ਬੀਜਿਆ ਗਿਆ ਸੀ। ਟੈਕਨਾਲੋਜੀ ਮਾਰਕੀਟਿੰਗ ਸੈੱਲ ਦੇ ਨਿਰਦੇਸ਼ਕ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ ਵੱਖ-ਵੱਖ ਫਰਮਾਂ ਅਤੇ ਵਿਅਕਤੀਆਂ ਨਾਲ 282 ਸੰਧੀਆਂ ਕੀਤੀਆਂ ਹਨ।