ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਜੂਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਅੱਜ ਕਿੰਗਜ਼ ਹਰਬਲ ਰਿਸਰਚ ਲੈਬੋਰੇਟਰੀਜ਼ ਨਾਲ ਸਮਝੌਤਾ ਕੀਤਾ। ਇਹ ਸਮਝੌਤਾ ਪੀ ਏ ਯੂ ਵਲੋਂ ਵਿਕਸਿਤ ਲੈਕਟੋ ਖਮੀਰੀ ਪੇਅ ਪਦਾਰਥਾਂ ਅਤੇ ਹਲਦੀ ਅਤੇ ਆਂਵਲੇ ਦੇ ਅਚਾਰ ਦੀ ਤਕਨਾਲੋਜੀ ਲਈ ਹੋਇਆ। ਇਸ ਮੌਕੇ ਸੰਬੰਧਿਤ ਫਰਮ ਵੱਲੋਂ ਅਜੀਤ ਸਿੰਘ ਅਤੇ ਪੀ.ਏ.ਯੂ. ਵੱਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਆਪਣੀਆਂ ਸੰਸਥਾਵਾਂ ਵਲੋਂ ਸਮਝੌਤੇ ਦੀਆਂ ਸ਼ਰਤਾਂ ਉਪਰ ਦਸਤਖਤ ਕੀਤੇ। ਮਾਈਕਰੋਬਾਇਓਲੋਜੀ ਵਿਭਾਗ ਦੇ ਸੀਨੀਅਰ ਮਾਹਿਰ ਡਾ. ਪਰਮਪਾਲ ਸਹੋਤਾ ਨੇ ਇਸ ਤਕਨਾਲੋਜੀ ਦਾ ਵਿਕਾਸ ਕੀਤਾ ਹੈ ਅਤੇ ਉਨ੍ਹਾਂ ਹੀ ਇਹ ਤਕਨਾਲੋਜੀ ਰਵਾਇਤੀ ਖਮੀਰੀਕ੍ਰਿਤ ਉਤਪਾਦਾਂ ਦੀ ਮਾਇਕਰੋਬਾਇਲੋਜੀਕਲ ਸੁਰੱਖਿਆ ਲਈ ਸਾਹਮਣੇ ਲਿਆਂਦੀ ਹੈ। ਲੈਕਟੋ ਖਮੀਰੀਕ੍ਰਿਤ ਕਲਚਰ ਦੀ ਵਰਤੋਂ ਨਾਲ ਤਿਆਰ ਇਹ ਪੇਅ ਅਤੇ ਅਚਾਰ ਪੌਸ਼ਟਿਕ ਤੱਤਾਂ ਅਤੇ ਵਿਟਾਮਿਨਾਂ ਨਾਲ ਭਰਪੂਰ ਹਨ। ਇਸ ਤਕਨਾਲੋਜੀ ਦੀ ਵਰਤੋਂ ਕਰਕੇ ਤਿਆਰ ਕੀਤੇ ਪੇਅ ਬਾਜ਼ਾਰ ਵਿਚ ਮਿਲਦੇ ਸਾਫਟ ਡ੍ਰਿੰਕਸ ਦਾ ਸਿਹਤਮੰਦ ਬਦਲ ਹੋ ਸਕਦੇ ਹਨ। ਇਸ ਮੌਕੇ ਅਡਜੰਕਟ ਪ੍ਰੋਫੈਸਰ ਡਾ. ਐਸਐਸ ਚਾਹਲ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 52 ਤਕਨੀਕਾਂ ਦੇ ਵਪਾਰੀਕਰਨ ਲਈ 223 ਸੰਧੀਆਂ ਵੱਖ-ਵੱਖ ਫਰਮਾਂ ਨਾਲ ਕੀਤੀਆਂ ਹਨ ਜਿਨ੍ਹਾਂ ਵਿੱਚ ਸਰੋਂ ਦੀ ਹਾਈਬ੍ਰਿਡ ਨਸਲ, ਮਿਰਚਾਂ, ਮੱਕੀ, ਬੈਂਗਣ, ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਪੀ.ਏ.ਯੂ. ਐਸ ਐਮ ਐਸ, ਲੱਕੀ ਸੀਡ ਡਰਿੱਲ, ਪਾਣੀ ਪਰਖ ਕਿੱਟ, ਪੀਏਯੂ ਹੈਪੀਸੀਡਰ, ਸਿਰਕਾ ਅਤੇ ਗੰਨੇ ਦੇ ਜੂਸ ਦੀ ਬੋਤਲਬੰਦ ਤਕਨਾਲੋਜੀ ਪ੍ਰਮੁੱਖ ਹਨ। ਇਸ ਮੌਕੇ ਵਧੀਕ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਡਾ. ਗੁਰਸਾਹਿਬ ਸਿੰਘ ਤੋਂ ਇਲਾਵਾ ਮਾਇਕਰੋਬਾਇਲੋਜੀ ਵਿਭਾਗ ਦੇ ਮੁਖੀ ਡਾ. ਜੀ ਐੱਸ ਕੋਚਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।