ਜੋਗਿੰਦਰ ਸਿੰਘ ਓਬਰਾਏ
ਖੰਨਾ, 5 ਸਤੰਬਰ
ਇਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਵਜੰਮੇ ਬੱਚੇ ਅਤੇ ਉਸ ਦੀ ਮਾਂ ਦੀ ਮੌਤ ਹੋਣ ਮਗਰੋਂ ਪਰਿਵਾਰਕ ਮੈਬਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਅੱਜ ਜਰਨੈਲੀ ਸੜਕ ’ਤੇ ਧਰਨਾ ਲਾ ਕੇ ਆਵਾਜਾਈ ਰੋਕ ਦਿੱਤੀ। ਪਿੰਡ ਜਿੰਦਲਪੁਰ ਨੇੜੇ ਭਾਦਸੋਂ ਦੇ ਵਸਨੀਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਬਲਜਿੰਦਰ ਕੌਰ ਨੂੰ ਖੰਨਾ ਦੇ ਪੀਰਖਾਨਾ ਰੋਡ ’ਤੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਬੀਤੇ ਦਿਨ ਸਵੇਰੇ ਉਸ ਦੀ ਪਤਨੀ ਨੇ ਲੜਕੇ ਨੂੰ ਜਨਮ ਦਿੱਤਾ ਪਰ ਕੁਝ ਹੀ ਘੰਟਿਆਂ ’ਚ ਉਸ ਦੀ ਪਤਨੀ ਬਲਜਿੰਦਰ ਕੌਰ ਤੇ ਨਵਜੰਮੇ ਬੱਚੇ ਦੀ ਮੌਤ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਬੱਚੇ ਦੇ ਜਨਮ ਤੋਂ ਕੁਝ ਚਿਰ ਪਿਛੋਂ ਬਲਜਿੰਦਰ ਕੌਰ ਅਤੇ ਬੱਚੇ ਨੂੰ ਸਾਹ ਆਉਣ ਵਿਚ ਤਕਲੀਫ ਹੋਈ ਪਰ ਹਸਪਤਾਲ ’ਚ ਆਕਸੀਜਨ ਦਾ ਕੋਈ ਠੋਸ ਪ੍ਰਬੰਧ ਨਹੀਂ ਸੀ। ਇਸ ਮਗਰੋਂ ਉਨ੍ਹਾਂ ਨੇ ਦੋਵਾਂ (ਮਾਂ-ਪੁੱਤ) ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਕਰਾਰ ਦਿੱਤਾ। ਇੰਦਰਜੀਤ ਨੇ ਕਿਹਾ ਕਿ ਨਿੱਜੀ ਹਸਪਤਾਲ ’ਚ ਹੋਈ ਅਣਗਹਿਲੀ ਅਤੇ ਡਾਕਟਰੀ ਪ੍ਰਬੰਧ ਪੂਰੇ ਨਾ ਹੋਣ ਕਾਰਨ ਉਸ ਦੀ ਪਤਨੀ ਤੇ ਪੁੱਤਰ ਦੀ ਮੌਤ ਹੋਈ ਹੈ।
ਇਸ ਘਟਨਾ ਦਾ ਪਤਾ ਲੱਗਦੇ ਹੀ ਅੱਜ ਪਰਿਵਾਰਕ ਮੈਬਰਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਅੱਜ ਜਰਨੈਲੀ ਸੜਕ ’ਤੇ ਆਵਾਜਾਈ ਜਾਮ ਕਰ ਦਿੱਤੀ। ਇਸ ਮੌਕੇ ਉਨ੍ਹਾਂ ਸਬੰਧਤ ਹਸਪਤਾਲ ਦੇ ਡਾਕਟਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।
ਡੀਐੱਸਪੀ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ
ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪੁੱਜੇ ਡੀਐੱਸਪੀ ਵਿਲੀਅਮ ਜੇਜੀ ਦੀ ਅਗਵਾਈ ਹੇਠ ਪੁਲੀਸ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਸਬੰਧੀ ਕੇਸ ਦਰਜ ਕਰਕੇ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮਗਰੋਂ ਪਰਿਵਾਰ ਨੇ ਧਰਨਾ ਚੁੱਕ ਲਿਆ ਅਤੇ ਆਵਾਜਾਈ ਬਹਾਲ ਹੋਈ।