ਸਤਵਿੰਦਰ ਬਸਰਾ
ਲੁਧਿਆਣਾ, 30 ਅਗਸਤ
ਪਿਛਲੇ ਕਰੀਬ 36 ਦਿਨਾਂ ਤੋਂ ਪੀਏਯੂ ਦੇ ਵਿਦਿਆਰਥੀਆਂ ਦਾ ਚੱਲ ਰਿਹਾ ਰੋਸ ਧਰਨਾ ਪੰਜਾਬ ਸਰਕਾਰ ਵੱਲੋਂ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਤੋਂ ਬਾਅਦ ਅੱਜ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਪੀਏਯੂ ਦੇ ਉਪ ਕੁਲਪਤੀ ਡਾ. ਐੱਸ ਐੱਸ ਗੋਸਲ ਦੀ ਮੌਜੂਦਗੀ ਵਿੱਚ ਖਤਮ ਹੋ ਗਿਆ। ਇਸ ਖੁਸ਼ੀ ਵਿੱਚ ਵਿਧਾਇਕ ਗੋਗੀ, ਉਪ ਕੁਲਪਤੀ ਡਾ. ਗੋਸਲ ਨੇ ਵਿਦਿਆਰਥੀਆਂ ਨਾਲ ਭੰਗੜਾ ਪਾਇਆ ਅਤੇ ਇੱਕ-ਦੂਜੇ ਦਾ ਮੂੰਹ ਮਿੱਠਾ ਵੀ ਕਰਵਾਇਆ।
ਵਿਧਾਇਕ ਗੋਗੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਵਚਨਬੱਧ ਹੈ। ਇਸ ਅੰਦੋਲਨ ਵਿੱਚ ਵਿਦਿਆਰਥੀਆਂ ਦੀਆਂ ਮੰਗਾਂ ਮੰਨੇ ਜਾਣ ਨਾਲ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਤਸੱਲੀ ਹੋਈ ਹੈ। ਇਸ ਮੌਕੇ ਉਨ੍ਹਾਂ ਪੀਏਯੂ ਦੇ ਨਵੇਂ ਉਪ ਕੁਲਪਤੀ ਡਾ. ਗੋਸਲ ਨੂੰ ਵਧਾਈ ਦਿੰਦਿਆਂ ਕਿਹਾ ਕਿ ’ਵਰਸਿਟੀ ਨੂੰ ਹੁਣ ਯੋਗ ਉਪ ਕੁਲਪਤੀ ਮਿਲ ਗਿਆ ਹੈ।
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਸਰਕਾਰ ਹਰ ਕਦਮ ’ਤੇ ਵਿਦਿਆਰਥੀਆਂ ਦੇ ਨਾਲ ਹੈ। ਪੀਏਯੂ ਦੇ ਉਪ ਕੁਲਪਤੀ ਡਾ. ਗੋਸਲ ਨੇ ਵਿਦਿਆਰਥੀਆਂ ਦੀਆਂ ਮੰਗਾਂ ਹਮਦਰਦੀ ਨਾਲ ਵਿਚਾਰਨ ਲਈ ਮੁੱਖ ਮੰਤਰੀ ਪੰਜਾਬ ਅਤੇ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੀਏਯੂ ਵੱਲੋਂ ਵਿਕਸਿਤ ਕਿਸਮਾਂ ਅਤੇ ਤਕਨਾਲੋਜੀਆਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਇਹ ਅਸਾਮੀਆਂ ਬੇਹੱਦ ਜ਼ਰੂਰੀ ਹਨ। ਉਨ੍ਹਾਂ ਸ਼ਾਂਤਮਈ ਅਤੇ ਲੋਕਤੰਤਰੀ ਤਰੀਕੇ ਨਾਲ ਧਰਨਾ ਦੇਣ ਲਈ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਡਾ. ਗੋਸਲ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ’ਵਰਸਿਟੀ ਨੂੰ ਸਾਫ਼-ਸੁਥਰਾ ਰੱਖਣ ਲਈ ਸਫਾਈ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਮੁਹਿੰਮ ’ਚ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਬਹੁਤ ਲੋੜ ਹੈ। ਸੰਯੁਕਤ ਕਮਿਸ਼ਨਰ ਪੁਲੀਸ ਗੁਰਦਿਆਲ ਸਿੰਘ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਹੋਰ ਜ਼ਿੰਮੇਵਾਰ ਬਣਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵਿਦਿਆਰਥੀ ਆਗੂ ਅੰਗਰੇਜ਼ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਗਠਿਤ ਕਮੇਟੀ ਦੀ ਅਗਲੀ ਮੀਟਿੰਗ ਤੱਕ ਧਰਨਾ ਮੁਲਤਵੀ ਕੀਤਾ ਗਿਆ ਹੈ। ਪੂਰੇ ਸੂਬੇ ਵਿੱਚ ਏਡੀਓ ਦੀਆਂ 924 ਅਸਾਮੀਆਂ ਹਨ ਅਤੇ ਇਨ੍ਹਾਂ ਵਿੱਚੋਂ 501 ਖਾਲੀ ਹਨ। ਸਰਕਾਰ ਵੱਲੋਂ ਇਨ੍ਹਾਂ ਵਿੱਚੋਂ 200 ਅਸਾਮੀਆਂ ਭਰੀਆਂ ਜਾ ਰਹੀਆਂ ਹਨ ਜਦਕਿ ਬਾਕੀ ਅਗਲੇ ਪੜ੍ਹਾਵਾਂ ਵਿੱਚ ਭਰਨ ਦਾ ਭਰੋਸਾ ਦਿੱਤਾ ਗਿਆ ਹੈ। ਵਿਦਿਆਰਥੀ ਆਗੂ ਦਾ ਕਹਿਣਾ ਸੀ ਕਿ ਇਹ ਅਸਾਮੀਆਂ ਵੀ 924 ਦੀ ਥਾਂ 3000 ਤੋਂ 4000 ਤੱਕ ਹੋਣੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਬਾਗਬਾਨੀ ਵਿਭਾਗ ਵਿੱਚ ਐੱਚਡੀਓ ਦੀਆਂ ਸਿਰਫ 225 ਅਸਾਮੀਆਂ ਹਨ ਜਦਕਿ ਇਹ ਵੀ 600 ਤੋਂ 700 ਤੱਕ ਹੋਣੀਆਂ ਚਾਹੀਦੀਆਂ ਹਨ।
ਇਸ ਮੌਕੇ ਵਿਦਿਆਰਥੀ ਬੁਲਾਰਿਆਂ ਬਬਨਪ੍ਰੀਤ ਤੇ ਜਸਲੀਨ ਨੇ ਵੀ ਸਰਕਾਰ ਦਾ ਧੰਨਵਾਦ ਕਰਦਿਆਂ ਪੀਏਯੂ ਸੱਥ ਬਣਾਉਣ ਦਾ ਫ਼ੈਸਲਾ ਕੀਤਾ ਜਿਸ ਵਿੱਚ 15 ਦਿਨ ਬਾਅਦ ਕਿਸੇ ਵਿਸ਼ੇ ’ਤੇ ਮਾਹਿਰਾਂ ਨਾਲ ਗੱਲਬਾਤ ਕੀਤੀ ਜਾਵੇਗੀ। ਉਪ ਕੁਲਪਤੀ ਨੇ ਫੀਤਾ ਕੱਟ ਕੇ ਪੀਏਯੂ ਸੱਥ ਦਾ ਉਦਘਾਟਨ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਵਿਦਿਆਰਥੀ, ਪੀਏਯੂ ਅਧਿਕਾਰੀ ਮੌਜੂਦ ਸਨ।